ਪੱਤਰ ਪ੍ਰੇਰਕ
ਮਾਨਸਾ, 26 ਜੂਨ
ਮਾਨਸਾ ਨੇੜਲੇ ਪਿੰਡ ਬੁਰਜ ਹਰੀ ਦੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਦਾ ਟੀਕਾਕਰਨ ਕਰਨ ਦੀ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਅੱਜ ਲਗਾਏ ਕੈਂਪ ਦੌਰਾਨ 200 ਦੇ ਕਰੀਬ ਵਿਅਕਤੀਆਂ ਨੇ ਟੀਕਾਕਰਨ ਕਰਵਾਕੇ ਮੁਹਿੰਮ ਵਿੱਚ ਜੋਸ਼ ਭਰ ਦਿੱਤਾ। ਕੈਂਪ ਦਾ ਜਾਇਜ਼ਾ ਲੈਣ ਪਿੰਡ ਬੁਰਜ ਹਰੀ ਵਿਖੇ ਪੁੱਜੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਕਿਹਾ ਕਿ ਸਮੂਹ ਨਿਵਾਸੀਆਂ ਦੀ ਹਿੰਮਤ ਸਦਕਾ ਹੀ ਜ਼ਿਲ੍ਹਾ ਪ੍ਰਸ਼ਾਸਨ ਇਸ ਪਿੰਡ ਦੇ ਸੌ ਫੀਸਦੀ ਯੋਗ ਨਾਗਰਿਕਾਂ ਦਾ ਟੀਕਾਕਰਨ ਕਰਨ ਵਿੱਚ ਸਫ਼ਲਤਾ ਹਾਸਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਸਰਪੰਚ ਰਾਜਪਾਲ ਸਿੰਘ ਤੇ ਸਮੂਹ ਗ੍ਰਾਮ ਪੰਚਾਇਤ ਇਸ ਗੱਲੋਂ ਸ਼ਾਬਾਸ਼ੀ ਦੀ ਹੱਕਦਾਰ ਹੈ ਕਿ ਉਹ ਪ੍ਰਸ਼ਾਸਨਿਕ ਟੀਮਾਂ ਨੂੰ ਸਹਿਯੋਗ ਦਿੰਦੇ ਹੋਏ ਘਰ ਘਰ ਪਹੁੰਚ ਕਰਕੇ ਨਿਵਾਸੀਆਂ ਨੂ ੰਜਾਗਰੂਕ ਕਰ ਰਹੀ ਹੈ ਅਤੇ ਇਸ ਪ੍ਰਗਤੀ ਨੂੰ ਦੇਖਦਿਆਂ ਇਹ ਆਸ ਪ੍ਰਗਟਾਈ ਜਾ ਰਹੀ ਹੈ ਕਿ ਜਲਦੀ ਹੀ ਇਸ ਪਿੰਡ ਨੂੰ ਸੌ ਫੀਸਦੀ ਟੀਕਾਕਰਨ ਦੇ ਦਾਇਰੇ ਵਿੱਚ ਲਿਆਂਦਾ ਜਾਵੇਗਾ। ਇਸ ਮੌਕੇ ਏ.ਡੀ.ਸੀ (ਵਿਕਾਸ) ਅਮਰਪ੍ਰੀਤ ਕੌਰ ਸੰਧੂ, ਐਸ.ਡੀ.ਐਮ ਸ਼ਿਖਾ ਭਗਤ, ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਅਤੇ ਬੀਡੀਪੀਓ ਸੁਖਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।