ਨਿੱਜੀ ਪੱਤਰ ਪ੍ਰੇਰਕ
ਜਲੰਧਰ, 26 ਜੂਨ
ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ, ਪੰਜਾਬ ਪੁਲੀਸ ਅਤੇ ਬੀਐੱਸਐੱਫ ਦੇ ਜਵਾਨਾਂ ਨੇ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣ ਦਾ ਅਹਿਦ ਲਿਆ। ਪੰਜਾਬ ਪੁਲੀਸ ਤੇ ਬੀਐੱਸਐੱਫ ਦੇ ਜਵਾਨਾਂ ਵੱਲੋਂ ਸਾਈਕਲ ਰੈਲੀਆਂ ਕੱਢ ਕੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਨੌਜਵਾਨਾਂ ਨੂੰ ਜਾਣੂ ਕਰਵਾਇਆ ਗਿਆ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਾਖੋਰੀ ਅਤੇ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ ਮੌਕੇ ਰਾਜ ਪੱਧਰੀ ਵਰਚੂਅਲ ਸਮਾਗਮ ਮੌਕੇ ਕੀਤੇ ਗਏ ਐਲਾਨ ਦੇ ਅਨੁਸਾਰ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾਵੇਗਾ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਕਰਾੜੀ ਦੀ ਵਿਦਿਆਰਥਣ ਨਵਜੀਤ ਕੌਰ ਮੁੱਖ ਮੰਤਰੀ ਪੰਜਾਬ ਨਾਲ ਰੂ-ਬ-ਰੂ ਹੋਈ।
ਗੁਰਾਇਆ(ਨਿੱਜੀ ਪੱਤਰ ਪ੍ਰੇਰਕ): ਖੇਤਰ ਵਿੱਚ ਖੇਡਾਂ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰਨ ਲਈ ਯੂਥ ਫੁੱਟਬਾਲ ਕਲੱਬ (ਵਾਈਐੱਫਸੀ) ਰੁੜਕਾ ਕਲਾਂ ਨੇ ਪਿੰਡ ਵਾਸੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਨਸ਼ਾਖੋਰੀ ਅਤੇ ਤਸਕਰੀ ਖਿਲਾਫ ਕੌਮਾਂਤਰੀ ਦਿਵਸ ਮਨਾਇਆ। ਵਾਈਐੱਫਸੀ ਵੱਲੋਂ ਆਈਪੀਐੱਸ ਅਧਿਕਾਰੀ ਸੁਹੇਲ ਕਾਸਿਮ ਮੀਰ ਦੀ ਅਗਵਾਈ ਵਿਚ ਪੰਜਾਬ ਪੁਲੀਸ ਅਕੈਡਮੀ ਫਿਲੌਰ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਜਾਗਰੂਕਤਾ ਸਾਈਕਲ ਰੈਲੀ ਕੱਢੀ ਗਈ ,ਜਿਸ ਵਿੱਚ 100 ਤੋਂ ਵੱਧ ਨੌਜਵਾਨਾਂ ਅਤੇ ਬੱਚਿਆਂ ਨੇ ਭਾਗ ਲਿਆ।
ਕਰਤਾਰਪੁਰ (ਪੱਤਰ ਪ੍ਰੇਰਕ): ਜਲੰਧਰ ਦਿਹਾਤੀ ਪੁਲੀਸ ਵੱਲੋਂ ਅੱਜ ਨਸ਼ਾਖੋਰੀ ਅਤੇ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ ਮੌਕੇ ਐੱਸਐੱਸਪੀ ਨਵੀਨ ਸਿੰਗਲਾ ਦੀ ਅਗਵਾਈ ਵਿੱਚ ਸਵੇਰੇ 6 ਵਜੇ ਕਰਤਾਰਪੁਰ ਵਿੱਚ ਸਾਈਕਲ ਰੈਲੀ ਕੱਢੀ ਗਈ। ਜਲੰਧਰ ਦਿਹਾਤੀ ਪੁਲੀਸ ਦੇ ਅਧਿਕਾਰੀਆਂ/ ਕਰਮਚਾਰੀਆਂ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਮੈਂਬਰਾਂ ਤੋਂ ਇਲਾਵਾ ਹਰ ਉਮਰ ਵਰਗ ਦੇ ਵੱਡੀ ਗਿਣਤੀ ਸਾਈਕਲ ਸਵਾਰਾਂ ਨੇ ਸ਼ਮੂਲੀਅਤ ਕੀਤੀ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਐਸ.ਐਸ.ਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਅੰਤਰਰਾਸ਼ਟਰੀ ਨਸ਼ਾਖੋਰੀ ਦੇ ਖਿਲਾਫ ਮਨਾਏ ਗਏ ਹਫ਼ਤੇ ਦੌਰਾਨ 95 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖਿਲਾਫ 86 ਮਾਮਲੇ ਦਰਜ ਕਰਕੇ। ਐੱਸਐੱਸਪੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਨਸ਼ੇ ਦੇ ਖ਼ਿਲਾਫ਼ ਵਿਸ਼ੇਸ਼ ਜਾਗਰੂਕਤਾ ਮੁਹਿੰਮ ਵੀ ਚਲਾਈ ਗਈ। ਇਸੇ ਤਰ੍ਹਾਂ ਅੱਜ ਨਸ਼ੇ ਦੇ ਖ਼ਿਲਾਫ਼ 5 ਕਿਲੋਮੀਟਰ ਮੈਰਾਥਨ ਦੌੜ ਕੀਤੀ ਗਈ ਜਿਸ ਵਿੱਚ ਸੌ ਵਿਅਕਤੀਆਂ ਨੇ ਹਿੱਸਾ ਲਿਆ।
ਧਾਰੀਵਾਲ (ਪੱਤਰ ਪ੍ਰੇਰਕ): ਸੀਐੱਚਸੀ ਧਾਰੀਵਾਲ ਵਿੱਚ ਐੱਸਐੱਮਓ ਡਾ. ਦਲਜੀਤ ਸਿੰਘ ਅਤੇ ਡਾ. ਅਮਰਿੰਦਰ ਸਿੰਘ ਕਲੇਰ ਹੋਮਿਓਪੈਥੀ ਅਫਸਰ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਸੈਮੀਨਾਰ ਕਰਵਾਇਆ।
ਪ੍ਰੇਰਨਾ ਸਰੋਤ ਬਣ ਕੇ ਮੈਦਾਨ ਵਿੱਚ ਦੌੜੇ ਨਸ਼ਾ ਛੱੱਡ ਚੁੱਕੇ ਨੌਜਵਾਨ
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਨਸ਼ੇ ਵਿੱਚ ਲੱਗੇ ਨੌਜਵਾਨਾਂ ਨੂੰ ਪ੍ਰੇਰਨਾ ਦੇਣ ਲਈ ਨਸ਼ਾ ਛੱਡ ਚੁੱਕੇ ਨੌਜਵਾਨ ਐਥਲੀਟ ਬਣ ਕੇ ਦੌੜੇ। ਉਨ੍ਹਾਂ ਨੇ ਇਹ ਸੁਨੇਹਾ ਦਿੱਤਾ ਕਿ ਨਸ਼ਾ ਅਜਿਹਾ ਰੋਗ ਨਹੀਂ, ਜਿਸ ਤੋਂ ਮੁਕਤ ਨਾ ਹੋ ਸਕੀਏੇ। ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦੀ ਪ੍ਰੇਰਨਾ ਸਦਕਾ ਇਹ ਦੌੜ ਥਾਣਾ ਹਵਾਈ ਅੱਡਾ ਅੰਮ੍ਰਿਤਸਰ ਦੇ ਮੁੱਖੀ ਸਬ ਇੰਸਪੈਕਟਰ ਖੁਸ਼ਬੂ ਸ਼ਰਮਾ ਨੇ ਇਲਾਕੇ ਦੇ ਪੰਚਾਂ, ਸਰਪੰਚਾਂ ਅਤੇ ਮੋਹਤਬਰਾਂ ਦੀ ਹਾਜ਼ਰੀ ਵਿੱਚ ਕਰਵਾਈ। ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਨਸ਼ਾ ਛੱਡਣ ਵਿਚ ਕੋਈ ਸਰੀਰਕ ਕਸ਼ਟ ਨਹੀਂ ਆਇਆ, ਕਿਉਂਕਿ ਓਟ ਕੇਂਦਰਾਂ ਤੋਂ ਮਿਲਦੀ ਦਵਾਈ ਨਸ਼ੇ ਦਾ ਚੰਗਾ ਬਦਲ ਬਣ ਕੇ ਉਨ੍ਹਾਂ ਲਈ ਉਨੀ ਦੇਰ ਕੰਮ ਕਰਦੀ ਰਹੀ, ਜਿੰਨਾ ਚਿਰ ਉਨ੍ਹਾਂ ਦਾ ਸਰੀਰ ਨਸ਼ਾ ਛੱਡਣ ਲਈ ਤਿਆਰ ਨਹੀਂ ਹੋ ਗਿਆ।