ਜੋਗਿੰਦਰ ਸਿੰਘ ਮਾਨ
ਮਾਨਸਾ, 26 ਜੂਨ
ਮਾਨਸਾ ਪੁਲੀਸ ਵੱਲੋਂ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਸਬੰਧੀ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਨੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋੋਂ ਜਾਗਰੂਕ ਕਰਨ ਅਤੇੇ ਜ਼ਿਲ੍ਹੇ ਵਿੱਚ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਅੱਜ ਹਰੀ ਝੰਡੀ ਦੇ ਕੇ ਮਾਨਸਾ ਤੋੋਂ ਨਸ਼ਿਆਂ ਵਿਰੋੋਧੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ।
ਡਾ. ਭਾਰਗਵ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਦਾ ਇਲਾਕਾ ਹਰਿਆਣਾ ਪ੍ਰਾਂਤ ਨਾਲ ਲੱਗਦਾ ਹੋੋਣ ਕਰਕੇ ਜ਼ਿਆਦਾਤਰ ਨਸ਼ਾ ਗੁਆਂਢੀ ਰਾਜਾਂ ਰਾਹੀਂ ਮਾਨਸਾ ਅੰਦਰ ਸਪਲਾਈ ਹੁੰਦਾ ਹੈ। ਮਾਨਸਾ ਪੁਲੀਸ ਵੱਲੋੋਂ ਹਰਿਆਣਾ ਪ੍ਰਾਂਤ ਨਾਲ ਲੱਗਦੀਆਂ ਮੁੱਖ ਸੜਕਾਂ, ਲਿੰਕ ਸੜਕਾਂ, ਕੱਚੇ ਰਸਤਿਆਂ ਆਦਿ ’ਤੇ ਦਿਨ/ਰਾਤ ਦੇ ਨਾਕੇ ਕਾਇਮ ਕਰਕੇ ਨਿਗਰਾਨੀ ਰੱਖੀ ਜਾ ਰਹੀ ਹੈ। ਕਿਸੇ ਵੀ ਨਸ਼ਾ ਤਸਕਰ ਨੂੰ ਜ਼ਿਲ੍ਹੇ ’ਚ ਆਉਣ ਤੋੋਂ ਰੋਕਿਆ ਗਿਆ ਹੈ। ਵੱਧ ਤੋੋਂ ਵੱਧ ਮੁਕੱਦਮੇ ਦਰਜ ਕਰਕੇ ਬਰਾਮਦਗੀ ਕਰਵਾਈ ਜਾ ਰਹੀ ਹੈ। ਫੜੇ ਗਏ ਵਿਆਕਤੀਆਂ ਦੇ ਅਗਲੇ ਤੇ ਪਿਛਲੇ ਲਿੰਕਾਂ ਦਾ ਪਤਾ ਲਗਾ ਕੇ ਮੁਕੱਦਮਿਆਂ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਐਸਪੀ ਸਤਨਾਮ ਸਿੰਘ ਅਤੇ ਡੀਐਸਪੀ ਹਰਜਿੰਦਰ ਸਿੰਘ ਗਿੱਲ ਵੱਲੋਂ ਨਸ਼ਿਆਂ ਖਿਲਾਫ਼ ਕੱਢੀ ਗਈ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਦੇ ਲੜ ਲੱਗ ਕੇ ਨਸ਼ਿਆਂ ਤੋਂ ਦੂਰ ਰਹਿਣ ਲਈ ਸਹੁੰ ਚੁਕਾਈ ਗਈ।