ਅਵਤਾਰ ਸਿੰਘ ਧਾਲੀਵਾਲ
ਭਾਈਰੂਪਾ, 26 ਜੂਨ
ਖੇਤੀ ਮੋਟਰਾਂ ਲਈ ਦਿੱਤੀ ਜਾ ਰਹੀ ਬਿਜਲੀ ਸਪਲਾਈ ਵਿੱਚ ਲੱਗ ਰਹੇ ਵੱਡੇ-ਵੱਡੇ ਕੱਟਾਂ ਤੋਂ ਅੱਕੇ ਭਾਈਰੂਪਾ, ਬੁਰਜ ਗਿੱਲ, ਢਿਪਾਲੀ ਆਦਿ ਪਿੰਡਾਂ ਦੇ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂੁਨੀਅਨ ਏਕਤਾ ਡਕੌਂਦਾ ਦੀ ਅਗਵਾਈ ਹੇਠ ਬਿਜਲੀ ਗਰਿੱਡ ਭਾਈਰੂਪਾ ਦਾ ਘਿਰਾਓ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਬਲਾਕ ਫੁੂਲ ਦੇ ਪ੍ਰਧਾਨ ਸਵਰਨ ਸਿੰਘ ਭਾਈਰੂਪਾ, ਮਨਜੀਤ ਸਿੰਘ ਮੀਤਾ ਤੇ ਹਰਮੇਲ ਸਿੰਘ ਜੱਗੂ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਖੇਤੀ ਮੋਟਰਾਂ ਲਈ ਦਿੱਤੀ ਜਾ ਰਹੀ ਬਿਜਲੀ ਸਪਲਾਈ ਦਾ ਬੁਰਾ ਹਾਲ ਹੈ ਜਿਸ ਕਰਕੇ ਪੰਜਾਬ ਦੇ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਸੂਬੇ ਦੇ ਕਿਸਾਨਾਂ ਨਾਲ ਖੇਤੀ ਮੋਟਰਾਂ ਲਈ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਸੀ ਪਰ ਫੀਡਰਾਂ ਉਪਰ ਸਿਰਫ ਪੰਜ ਘੰਟੇ ਹੀ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ ਅਤੇ 2 ਤੋਂ 3 ਘੰਟਿਆਂ ਦੇ ਪਾਵਰਕੱਟ ਲਾ ਕੇ ਸਪਲਾਈ ਕੱਟੀ ਜਾ ਰਹੀ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਭਾਰੀ ਔੜ ਲੱਗੀ ਹੋਣ ਕਰਕੇ ਝੋਨੇ ਦੀ ਫਸਲ ਬਿਨਾਂ ਪਾਣੀ ਤੋਂ ਬਰਬਾਦ ਹੋ ਰਹੀ ਹੈ ਅਤੇ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੁੂਕਣ ਲਈ ਮਜਬੂਰ ਹੋ ਰਹੇ ਹਨ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ। ਜੇਕਰ ਇਸ ਸਮੱਸਿਆ ਦਾ ਜਲਦੀ ਹੱਲ ਨਾ ਹੋਇਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।