ਜਤਿੰਦਰ ਬੈਂਸ
ਗੁਰਦਾਸਪੁਰ, 26 ਜੂਨ
ਪੈਟਰੋਲ ਤੇ ਡੀਜ਼ਲ ਸਮੇਤ ਹਰੇਕ ਵਸਤ ਦੀਆਂ ਵੱਧਦੀਆਂ ਕੀਮਤਾਂ ਖਿਲਾਫ਼ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਖਾਨਪੁਰ ਦੀ ਅਗਵਾਈ ਹੇਠ ਮੋਦੀ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸ਼ਹਿਰ ਮੁੱਖ ਡਾਕਖਾਨਾ ਚੌਕ ਵਿੱਚ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ।
ਤਰਨ ਤਾਰਨ (ਗੁਰਬਖਸ਼ਪੁਰੀ): ਕਮਿਊਨਿਸਟ ਪਾਰਟੀਆਂ ਨੇ ਸਾਂਝੇ ਤੌਰ ’ਤੇ ਅੱਜ ਸਰਹੱਦੀ ਖੇਤਰ ਦੇ ਪਿੰਡ ਅਲਗੋਂ ਕੋਠੀ ਵਿੱਚ ਮਹਿੰਗਾਈ ਦੇ ਖ਼ਿਲਾਫ਼ ਰੋਸ ਵਿਖਾਵਾ ਕੀਤਾ ਅਤੇ ਸਰਕਾਰ ਕੋਲੋਂ ਗਰੀਬ ਵਰਗਾਂ ਦੇ ਲੋਕਾਂ ਲਈ ਸਸਤੀਆਂ ਦਰਾਂ ਤੇ ਜ਼ਰੂਰੀ ਵਸਤਾਂ ਦੀ ਸਪਲਾਈ ਕੀਤੇ ਜਾਣ ਦੀ ਮੰਗ ਕੀਤੀ| ਵਰਕਰਾਂ ਨੇ ਕੇਂਦਰ ਸਰਕਾਰ ਦੀ ਅਰਥੀ ਵੀ ਸਾੜੀ| ਇਸ ਮੌਕੇ ਸੀਪੀਆਈ ਦੇ ਸੂਬਾ ਆਗੂ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਏ ਦਿਨ ਜਰੂਰੀ ਵਸਤਾਂ ਦੀਆਂ ਕੀਮਤਾਂ ਦੇ ਵਧਦੇ ਜਾਣ ਕਰਕੇ ਗਰੀਬ ਵਰਗਾਂ ਲਈ ਘਰਾਂ ਦੇ ਖਰਚ ਚਲਾਉਣੇ ਮੁਸ਼ਕਲ ਹੋ ਗਏ ਹਨ| ਹੁਸ਼ਿਆਰਪੁਰ (ਹਰਪ੍ਰੀਤ ਕੌਰ): ਪੈਟਰੋਲ, ਡੀਜ਼ਲ ਦੀਆਂ ਕੀਮਤਾਂ ’ਚ ਭਾਰੀ ਵਾਧੇ ਦੇ ਵਿਰੋਧ ’ਚ ਆਮ ਆਦਮੀ ਪਾਰਟੀ (ਆਪ) ਵਲੋਂ ਅੱਜ ਇੱਥੇ ਸੂਬਾ ਸੰਯੁਕਤ ਸਕੱਤਰ ਸੰਦੀਪ ਸੈਣੀ ਦੀ ਅਗਵਾਈ ਹੇਠ ਕੇਂਦਰ ਤੇ ਸੂਬਾ ਸਰਕਾਰਾਂ ਵਿਰੁੱਧ ਅਰਥੀ ਫ਼ੂਕ ਮੁਜ਼ਾਹਰੇ ਕੀਤੇ ਗਏ। ਮੁਜ਼ਾਹਰੇ ਵਿਚ ਬੁੱਧੀਜੀਵੀ ਵਰਗ ਦੇ ਸੂਬਾ ਸਕੱਤਰ ਰਾਜੇਸ਼ ਜਸਵਾਲ, ਉਪ ਪ੍ਰਧਾਨ ਅਜੇ ਵਰਮਾ, ਜ਼ਿਲ੍ਹਾ ਪ੍ਰਧਾਨ ਦਲੀਪ ਚੌਧਰੀ, ਹਲਕਾ ਇੰਚਾਰਜ ਕੌਂਸਲਰ ਬ੍ਰਹਮ ਸ਼ੰਕਰ ਜਿੰਪਾ, ਟਰੇਡ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕੌਂਸਲਰ ਜਸਪਾਲ ਚੇਚੀ ਅਤੇ ਜ਼ਿਲ੍ਹਾ ਐਕਸ ਸਰਵਿਸਮੈਨ ਵਿੰਗ ਦੇ ਖੁਸ਼ੀ ਰਾਮ ਵੀ ਸ਼ਾਮਿਲ ਹੋਏ।