ਪੱਤਰ ਪ੍ਰੇਰਕ
ਜੀਂਦ, 27 ਜੂਨ
ਮੀਰੀ ਪੀਰੀ ਦੇ ਸਿਰਤਾਜ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ ਪੁਰਬ ਅੱਰ ਇੱਕੇ ਸ਼ਹਿਰ ਦੇ ਸਾਰੇ ਗੁਰਦੁਆਰਿਆਂ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸਾਰੇ ਗੁਰਦਵਾਰਿਆਂ ਵਿੱਚ ਸੁਖਮਨੀ ਸਾਹਿਬ ਦੇ ਪਾਠ ਦਾ ਜਾਪ ਕੀਤਾ ਗਿਆ। ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਕੀਤਾ ਗਿਆ ਤੇ ਮਿੱਸੀ ਰੋਟੀ ਦੇ ਪ੍ਰਸ਼ਾਦ ਦਾ ਲੰਗਰ ਲਾਇਆ ਗਿਆ। ਗੁਰੂ ਘਰ ਦੇ ਬੁਲਾਰੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਉਤਸਵ ਦੀ ਖੁਸ਼ੀ ਵਿੱਚ ਸ਼ਹਿਰ ਦੇ ਇਤਿਹਾਸਕ ਗੁਰਦਵਾਰਾ ਗੁਰੂ ਤੇਗ਼ ਬਹਾਦਰ ਸਾਹਿਬ ਵਿੱਚ ਕਲ੍ਹ ਸ਼ਾਮੀਂ ਕੀਰਤਨ ਦਰਬਾਰ ਸਜਾਇਆ ਗਿਆ। ਇਸ ਵਿੱਚ ਗੁਰਦੁਵਾਰਾ ਸਾਹਿਬ ਦੇ ਰਾਗੀ ਭਾਈ ਜਸਬੀਰ ਸਿੰਘ, ਭਾਈ ਕਰਮਜੀਤ ਸਿੰਘ, ਭਾਈ ਹਰਦੀਪ ਸਿੰਘ ਦੇ ਜੱਥੇ ਵੱਲੋਂ ਅਤੇ ਪਟਿਆਲਾ ਤੋਂ ਆਏ ਭਾਈ ਹਿੰਮਤ ਸਿੰਘ ਦੇ ਰਾਗੀ ਜੱਥੇ ਦੁਆਰਾ ਨਿਰੋਲ ਗੁਰਬਾਣੀ ਸ਼ਬਦਾਂ ਦਾ ਗਾਇਣ ਕੀਤਾ ਗਿਆ। ਸਿੱਖ ਮਿਸ਼ਨਰੀ ਕਾਲਜ ਕੁਰੂਕਸ਼ੇਤਰ ਤੋਂ ਆਏ ਧਰਮ ਪ੍ਰਚਾਰਕ ਗਿਆਨੀ ਨਵਨੀਤ ਸਿੰਘ ਨੇ ਦੱਸਿਆ ਕਿ ਜਦੋਂ ਗੁਰੂ ਹਰਗੋਬਿੰਦ ਸਿੰਘ ਨੇ ਗੁਰੂ ਗੱਦੀ ਸੰਭਾਲੀ ਤਾਂ ਉਨ੍ਹਾਂ ਨੇ ਮੀਰੀ ਪੀਰੀ ਦੇ ਨਾਮ ਤੋਂ ਦੋ ਤਲਵਾਰਾਂ ਧਾਰਨ ਕੀਤੀਆਂ। ਮੀਰੀ ਦਾ ਅਰਥ ਭੌਤਿਕ ਸੰਸਾਰ ਉੱਤੇ ਜਿੱਤ ਪ੍ਰਾਪਤ ਕਰਨਾ ਸੀ ਤੇ ਪੀਰੀ ਸ਼ਬਦ ਪੀਰ ਤੋਂ ਬਣਿਆ ਹੈ ਅਰਥਾਤ ਪੀਰੀ ਨਾਮਕ ਤਲਵਾਰ ਅਧਿਆਤਮਿਕ ਗਿਆਨ ਉੱਤੇ ਜਿੱਤ ਪ੍ਰਾਪਤ ਕਰਨ ਦੀ ਪ੍ਰਤੀਕ ਮੰਨੀ ਗਈ ਹੈ। ਇਨ੍ਹਾਂ ਦੋਵੇਂ ਤਲਵਾਰਾਂ ਵਿੱਚੋਂ ਗੁਰੂ ਸਾਹਿਬ ਨੇ ਪੀਰੀ ਨੂੰ ਸਰਬੋਤਮ ਮੰਨਿਆ ਹੈ। ਉੱਧਰ ਭਾਰਤ ਸਿਨੇਮਾ ਰੋਡ ਉੱਤੇ ਸਥਿਤ ਸਿੰਘ ਸਭਾ ਗੁਰਦੁਆਰੇ ਤੇ ਗੁਰਦੁਆਰਾ ਸਿੰਘ ਸਭਾ ਰੇਲਵੇ ਜੰਕਸ਼ਨ ਵਿੱਚ ਵੀ ਧਾਰਮਿਕ ਦੀਵਾਨ ਸਜਾਏ ਗਏ। ਇਸ ਵਿੱਚ ਗੁਰਦੁਆਰਾ ਸਾਹਿਬ ਦੇ ਭਾਈ ਗੁਰਦਿੱਤ ਸਿੰਘ ਦੇ ਰਾਗੀ ਜਥੇ ਵੱਲੋਂ ਗੁਰਬਾਣੀ ਸ਼ਬਦ ਗਾਏ ਗਏ ਤੇ ਗਿਆਨੀ ਸਤਿਵੀਰ ਸਿੰਘ ਅਤੇ ਗਿਆਨੀ ਜਸਵੰਤ ਸਿੰਘ ਗੁਰੂ ਦੀ ਮਹਿਮਾ ਦਾ ਵਿਖਿਆਨ ਕੀਤਾ ਗਿਆ।