ਪ੍ਰਭੂ ਦਿਆਲ
ਸਿਰਸਾ, 30 ਜੂਨ
ਇਥੋਂ ਦੀ ਹਾਊਸਿੰਗ ਬੋਰਡ ਕਲੋਨੀ ’ਚ ਲੁੱਕੇ ਤਿੰਨ ਬਦਮਾਸ਼ਾਂ ਨੂੰ ਫੜਣ ਗਈ ਪੁਲੀਸ ਨੇ ਦੋ ਨੂੰ ਕਾਬੂ ਕਰ ਲਿਆ ਜਦੋਂਕਿ ਇਕ ਨੇ ਕਥਿਤ ਤੌਰ ’ਤੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰ ਨੇ ਪੁਲੀਸ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਕਰਦਿਆਂ ਮਾਮਲੇ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਮ੍ਰਿਤਕ ਦੀ ਪਛਾਣ ਮਜਨੂ ਉਰਫ ਵਿਨੋਦ ਵਾਸੀ ਰਤੀਆ ਵਜੋਂ ਹੋਈ ਹੈ। ਪੁਲੀਸ ਨੇ ਪੋਸਟਮਾਰਟਮ ਮਗਰੋਂ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਘਟਨਾ ਲੰਘੀ ਦੇਰ ਰਾਤ ਦੀ ਹੈ।
ਡੀਐੱਸਪੀ ਆਰਿਅਨ ਚੌਧਰੀ ਨੇ ਦੱਸਿਆ ਹੈ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਹਾਊਸਿੰਗ ਬੋਰਡ ਦੇ ਫਲੈਟ ’ਚ ਪੁਲੀਸ ਨੂੰ ਕਤਲ ਤੇ ਹੋਰ ਕਈ ਮਾਮਲਿਆਂ ’ਚ ਲੋੜੀਂਦੇ ਵਿਅਕਤੀ ਲੁਕੇ ਹੋਏ ਹਨ। ਪੁਲੀਸ ਨੇ ਜਦੋਂ ਇਨ੍ਹਾਂ ਵਿਅਕਤੀਆਂ ਨੂੰ ਫੜਣ ਲਈ ਹਾਊਸਿੰਗ ਬੋਰਡ ਦੇ ਫਲੈਟ ’ਤੇ ਛਾਪਾ ਮਾਰਿਆ ਤਾਂ ਦੋ ਵਿਅਕਤੀ ਮਕਾਨ ਦੀ ਛੱਤ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪੁਲੀਸ ਦੇ ਜਵਾਨਾਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਦੋਂਕਿ ਇਕ ਵਿਅਕਤੀ ਨੇ ਪੁਲੀਸ ਦੀ ਪਕੜ ’ਚ ਆਉਣ ਦੇ ਡਰੋਂ ਖੁਦ ਨੂੰ ਗੋਲੀ ਮਾਰ ਲਈ। ਪੁਲੀਸ ਮੁਤਾਬਕ ਫੜੇ ਗਏ ਵਿਅਕਤੀਆਂ ਦੀ ਪਛਾਣ ਸੰਦੀਪ ਤੇ ਰਾਹੁਲ ਵਜੋਂ ਹੋਈ ਹੈ। ਉਧਰ ਸਿਵਲ ਹਸਪਤਾਲ ਚੋਂ ਲਾਸ਼ ਲੈਣ ਆਏ ਮ੍ਰਿਤਕ ਦੇ ਪਿਤਾ ਸੇਮਾ ਰਾਮ ਨੇ ਦੱਸਿਆ ਹੈ ਕਿ ਅੱਜ ਸਵੇਰੇ ਉਨ੍ਹਾਂ ਨੂੰ ਮਜਨੂ ਦੇ ਮਾਰੇ ਜਾਣ ਦਾ ਸੁਨੇਹਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮਜਨੂ ਖੁਦ ਨੂੰ ਗੋਲੀ ਨਹੀਂ ਮਾਰ ਸਕਦਾ। ਜ਼ਰੂਰ ਉਸ ਨੂੰ ਪੁਲੀਸ ਨੇ ਗੋਲੀ ਮਾਰੀ ਹੋਵੇਗੀ। ਇਸ ਮਾਮਲੇ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਗੱਲ ਤਾਂ ਸਵੀਕਾਰ ਕੀਤੀ ਕਿ ਰਤੀਆ ਵਿੱਚ ਮਜਨੂ ’ਤੇ ਕਤਲ ਦਾ ਕੇਸ ਦਰਜ ਹੈ। ਪੁਲੀਸ ਨੇ ਪਰਿਵਾਰ ਵੱਲੋਂ ਲਗਾਏ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ।