ਬਠਿੰਡਾ: ਨਾਜਾਇਜ਼ ਮਾਈਨਿੰਗ ਖ਼ਿਲਾਫ਼ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਮੁੱਖ ਮੰਤਰੀ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। ਸਾਬਕਾ ਵਿਧਾਇਕ ਨੇ ਇਸ ਆਦੇਸ਼ ਦੀ ਕਾਪੀ ਪ੍ਰਾਪਤ ਹੋਣ ਪਿੱਛੋਂ ਦੱਸਿਆ ਕਿ ਜੇਕਰ ਮਾਮਲੇ ਦੀ ਨਿਰਪੱਖ ਜਾਂਚ ਹੋਈ ਤਾਂ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਵੱਲੋਂ ਨਾਜਾਇਜ਼ ਮਾਈਨਿੰਗ ਤੇ ਵਿਕਾਸ ਦੇ ਨਾਂ ’ਤੇ ਘਪਲੇ ਕਰਨ ਦਾ ਖੁਲਾਸਾ ਹੋਵੇਗਾ। ਸਾਬਕਾ ਵਿਧਾਇਕ ਸਿੰਗਲਾ ਨੇ ਕਿਹਾ ਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਸ਼ਹਿਰ ਵਾਸੀਆਂ ਨੇ ਵੱਡੀਆਂ ਵੋਟਾਂ ਨਾਲ ਜਿਤਾਇਆ ਸੀ ਤੇ ਉਮੀਦ ਸੀ ਕਿ ਸ਼ਹਿਰ ਦਾ ਭਲਾ ਹੋਵੇਗਾ, ਪਰ ਇਹ ਨਹੀਂ ਕਿ ਉਹ ਰਾਖ ਤੇ ਮਿੱਟੀ ਖਾ ਜਾਣ, ਵੱਡੇ ਘਪਲੇ ਕਰਨ ਤੇ ਸ਼ਹਿਰੀਆਂ ਨੂੰ ਧੋਖਾ ਦੇਣ। ਇਸ ਧੋਖੇ ਲਈ ਸ਼ਹਿਰੀ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜੇ ਇਸ ਮਸਲੇ ’ਤੇ ਸਹੀ ਜਾਂਚ ਨਾ ਹੋਈ ਤਾਂ ਉਹ ਲੰਬੀ ਲੜਾਈ ਲੜਨ ਲਈ ਤਿਆਰ ਹਨ ਅਤੇ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਜ਼ਿਕਰਯੋਗ ਹੈ ਕਿ ਸ੍ਰੀ ਸਿੰਗਲਾ ਨੇ ਰਾਖ ਡੰਪ ’ਚੋਂ ਨਾਜਾਇਜ਼ ਮਾਈਨਿੰਗ ਅਤੇ ਇੰਟਰਲਾਕ ਟਾਈਲਾਂ ’ਚ ਘਪਲੇ ਦਾ ਮਾਮਲਾ ਸਾਹਮਣੇ ਲਿਆਂਦਾ ਸੀ। -ਟਨਸ