ਗੁਰਬਖਸ਼ਪੁਰੀ
ਤਰਨ ਤਾਰਨ, 30 ਜੂਨ
ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਸੱਦੇ ’ਤੇ ਅੱਜ ਵੱਖ ਵੱਖ ਵਿਭਾਗਾਂ ਦੇ ਦਫਤਰੀ ਮੁਲਾਜ਼ਮਾਂ ਨੇ ਕਲਮ ਛੋੜ ਹੜਤਾਲ ਕਰਕੇ ਸਰਕਾਰ ਦੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਖਿਲਾਫ਼ ਰੋਸ ਵਿਖਾਵਾ ਕੀਤਾ| ਜਥੇਬੰਦੀ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਪੂਰੀ ਤਰ੍ਹਾਂ ਨਾਲ ਰੱਦ ਕਰ ਚੁੱਕੀ ਹੈ| ਮਨਿਸਟਰੀਅਲ ਯੂਨੀਅਨ (ਸਿੱਖਿਆ ਵਿਭਾਗ) ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਦੀ ਅਗਵਾਈ ਵਿੱਚ ਮੁਲਾਜ਼ਮਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਸਰਕਾਰ ਖਿਲਾਫ਼ ਰੋਸ ਵਿਖਾਵਾ ਕੀਤਾ|ਡਿਪਟੀ ਕਮਿਸ਼ਨਰ, ਐੱਸਡੀਐਮਜ਼, ਤਹਿਸੀਲਾਂ ਸਮੇਤ ਹੋਰ ਸਰਕਾਰੀ ਦਫਤਰਾਂ ਦੇ ਮਨਿਸਟਰੀਅਲ ਸਟਾਫ਼ ਦੀ ਹੜਤਾਲ ਹੋਣ ਕਰਕੇ ਆਮ ਲੋਕਾਂ ਨੂੰ ਡਾਢੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਹੁਸ਼ਿਆਰਪੁਰ(ਹਰਪ੍ਰੀਤ ਕੌਰ): ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਸੂਬਾ ਕਮੇਟੀ ਦੇ ਸੱਦੇ ਤੇ ਅੱਜ ਪੰਜਾਬ ਭਰ ਦੇ ਸਮੂਹ ਦਫਤਰਾਂ ਦੇ ਮਨਿਸਟੀਰੀਅਲ ਕਰਮਚਾਰੀਆਂ ਵੱਲੋਂ ਕਲਮਛੋੜ ਹੜਤਾਲ ਕੀਤੀ ਗਈ। ਮਨਿਸਟੀਰੀਅਲ ਕਰਮਚਾਰੀਆਂ ਵੱਲੋਂ ਸਿਵਲ ਸਰਜਨ ਦਫਤਰ ਬਾਹਰ ਇੱਕ ਰੋਸ ਰੈਲੀ ਵੀ ਕੀਤੀ ਗਈ ਜਿਸ ਵਿੱਚ ਸਰਕਾਰ ਦੇ ਮੁਲਾਜ਼ਮ ਮਾਰੂ ਫੈਸਲਿਆਂ ਦੀ ਨਿਖੇਧੀ ਕੀਤੀ ਗਈ। ਸਿਵਲ ਸਰਜਨ ਦਫਤਰ ਬਾਹਰ ਕੀਤੀ ਰੋਸ ਰੈਲੀ ਨੂੰ ਜ਼ਿਲ੍ਹਾ ਪ੍ਰਧਾਨ ਅਨੀਰੁੱਧ ਮੌਦਗਿੱਲ ਨੇ ਸੰਬੋਧਨ ਕੀਤਾ।
ਇਸ ਮੌਕੇ ਵਰਿਆਮ ਸਿੰਘ ਮਿਨਹਾਸ, ਜਸਵੀਰ ਸਿੰਘ ਧਾਮੀ, ਵਿਕਰਮ ਆਦੀਆ, ਦੀਪਕ ਤ੍ਰੇਹਨ, ਨਵਦੀਪ ਸਿੰਘ, ਪੁਸ਼ਪਿੰਦਰ ਪਠਾਨੀਆ, ਬਲਜੀਤ ਕੌਰ, ਰਜਨੀ ਸ਼ਰਮਾ ਆਦਿ ਮੌਜੂਦ ਸਨ।