ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 30 ਜੂਨ
ਨੌਜਵਾਨ ਦੇ ਕਤਲ ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਪਿੰਡ ਲਾਲਪੁਰ ਦੇ ਦਲਿਤ ਪਰਿਵਾਰ ਨੂੰ ਅਜੇ ਇਨਸਾਫ਼ ਮਿਲਦਾ ਦਿਖਾਈ ਨਹੀ ਦੇ ਰਿਹਾ। ਦਲਿਤ ਸਮਾਜ ਦੀਆਂ ਜਥੇਬੰਦੀਆਂ ਨਾਲ ਦੋ ਦਿਨ ਤੋਂ ਬਿਆਸ ਪੁਲ ਜਾਮ ਕਰਕੇ ਬੈਠੇ ਪੀੜਤ ਪਰਿਵਾਰ ਦੀ ਅੱਜ ਦੂਸਰੇ ਦਿਨ ਵੀ ਕਿਸੇ ਉੱਚ ਅਧਿਕਾਰੀ ਨੇ ਸਾਰ ਨਹੀ ਲਈ ਜਿਸ ਦੇ ਚੱਲਦਿਆ ਅੱਜ ਦੂਸਰੇ ਦਿਨ ਵੀ ਮਾਝੇ ਨੂੰ ਦੁਆਬੇ ਨਾਲ ਜੋੜਨ ਵਾਲਾ ਕਪੂਰਥਲਾ ਅਟਾਰੀ ਰਾਸ਼ਟਰੀ ਮਾਰਗ ਬਿਆਸ ਪੁਲ ਬੰਦ ਰਿਹਾ। ਜ਼ਿਕਰਯੋਗ ਹੈ ਕਿ ਪਿੰਡ ਲਾਲਪੁਰ ਵਿੱਚ 6 ਜੂਨ ਨੂੰ ਦਲਿਤ ਪਰਿਵਾਰ ਨਾਲ ਸਬੰਧਤ ਨੌਜਵਾਨ ਜਗਦੀਪ ਸਿੰਘ ਦਾ ਪਿੰਡ ਦੇ ਕੁੱਝ ਲੋਕਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਨਾਮਜ਼ਦ ਪੰਜ ਵਿਅਕਤੀਆਂ ’ਚੋਂ ਪੁਲੀਸ ਨੇ ਦੋ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਪੀੜਤ ਪਰਿਵਾਰ ਇੱਕ ਮਹੀਨੇ ਤੋਂ ਬਾਕੀ ਨਾਮਜ਼ਦ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਮੰਗ ਕਰ ਰਿਹਾ ਸੀ।
ਮ੍ਰਿਤਕ ਨੌਜਵਾਨ ਦੇ ਪਿਤਾ ਨੇ ਪੁਲੀਸ ’ਤੇ ਲਾਏ ਗੰਭੀਰ ਦੋਸ਼਼
ਪੀੜਤ ਪਰਿਵਾਰ ਨੇ ਪੁਲੀਸ ’ਤੇ ਮੋਟੀਆਂ ਰਕਮਾ ਲੈ ਕੇ ਮੁਲਜ਼ਮਾਂ ਨੂੰ ਛੱਡਣ ਦੇ ਦੋਸ਼ ਲਾਏ ਹਨ।ਮ੍ਰਿਤਕ ਦੇ ਪਿਤਾ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਪੁਲੀਸ ਨੇ ਮੁਲਜ਼ਮਾਂ ਨੂੰ ਕਈ ਦਿਨ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਪੈਸੇ ਲੈ ਕੇ ਛੱਡ ਦਿੱਤਾ। ਡੀਐੱਸਪੀ ਰਮਨਦੀਪ ਸਿੰਘ ਭੁੱਲਰ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਉਹ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। ਰਿਸ਼ਵਤ ਲੈਣ ਦੇ ਦੋਸ਼ ਬੇਬੁਨਿਆਦ ਹਨ।