ਨਿੱਜੀ ਪੱਤਰ ਪ੍ਰੇਰਕ
ਜਲੰਧਰ, 1 ਜੁਲਾਈ
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਸੂਬੇ ਭਰ ’ਚ ਦਿੱਤੇ ਪ੍ਰੋਗਰਾਮ ਤਹਿਤ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਪਵਨ ਮਸੀਹ ਦੀ ਅਗਵਾਈ ਵਿੱਚ ਅੱਜ ਡਿਪਟੀ ਕਮਿਸ਼ਨਰ ਦਫਤਰ ਵਿੱਚ ਅਧਿਆਪਕਾਂ ਨੇ ਇਕੱਠੇ ਹੋ ਕੇ ਪ੍ਰਾਇਮਰੀ ਦੇ ਪੇਅ ਸਕੇਲਾਂ ਨੂੰ ਘਟਾਉਣ ਵਾਲੇ ਪੇਅ ਕਮਿਸ਼ਨ ਰਿਪੋਰਟ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟ ਕੀਤਾ। ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਤਰਸੇਮ ਲਾਲ ਨੇ ਕਿਹਾ ਕਿ ਛੇਵੇਂ ਪੇਅ-ਕਮਿਸ਼ਨ ਅਤੇ ਵਿੱਤ ਮੰਤਰੀ ਨੇ ਪ੍ਰਾਇਮਰੀ ਅਧਿਆਪਕਾਂ ਨੂੰ ਪਿਛਲੇ ਪੇਅ-ਕਮਿਸ਼ਨ ਵੱਲੋਂ ਦਿੱਤੇ ਪੇਅ-ਸਕੇਲਾਂ ਤੇ ਪਿਛਲੀ ਸਰਕਾਰ ਵੱਲੋਂ ਹੈੱਡ ਟੀਚਰ ਦੇ ਦਿੱਤੇ ਪੇ-ਗ੍ਰੇਡ ਨੂੰ ਖੋਹ ਲਿਆ ਹੈ। ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਐਲੀਮੈਂਟਰੀ ਆਗੂਆਂ ਨੇ ਕਿਹਾ 10 ਜੁਲਾਈ ਨੂੰ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿੱਚ ਜਥੇਬੰਦੀ ਵਲੋਂ ਕੀਤੇ ਜਾ ਰਹੇ ਰੋਸ ਮਾਰਚ ਵਿਚ ਸਭ ਜ਼ਿਲ੍ਹਿਆਂ ’ਚੋਂ ਅਧਿਆਪਕ ਸ਼ਾਮਲ ਹੋਣਗੇ। ਜਿਸ ਸਬੰਧੀ ਪਡਿਊਟੀਆਂ ਲਗਾਈਆਂ ਗਈਆਂ ਹਨ। ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਜ਼ਿਲ੍ਹਾ ਪ੍ਰੈੱਸ ਸਕੱਤਰ ਰਿਸ਼ੀ ਕੁਮਾਰ, ਵਿੱਤ ਸਕੱਤਰ ਦਿਲਬਾਗ ਸਿੰਘ, ਸੀਨੀਅਰ ਮੀਤ ਪ੍ਰਧਾਨ ਅਸ਼ੋਕ ਕੁਮਾਰ, ਅਮਨਦੀਪ ਸਿੰਘ ਹਾਜ਼ਰ ਸਨ।