ਮਹਿੰਦਰ ਸਿੰਘ ਰੱਤੀਆਂ
ਮੋਗਾ, 1 ਜੁਲਾਈ
ਇਥੇ ਧਰਮਕੋਟ-ਜਲੰਧਰ ਕੌਮੀ ਮਾਰਗ ’ਤੇ ਦੋ ਕਾਰਾਂ ਦੀ ਟੱਕਰ ਮਗਰੋਂ ਇੱਕ ਕਾਰ ਸੜਕ ਕਿਨਾਰੇ ਬਣੇ ਛੱਪੜ ਵਿੱਚ ਪਲਟ ਗਈ, ਜਿਸ ਕਾਰਨ ਕਾਰ ਵਿੱਚ ਸਵਾਰ ਦੋ ਸਕੀਆਂ ਭੈਣਾਂ ਤੇ ਇੱਕ ਬੱਚੀ ਦੀ ਮੌਤ ਹੋ ਗਈ ਅਤੇ ਕਾਰ ਵਿੱਚ ਸਵਾਰ ਚਾਰ ਹੋਰ ਜੀਅ ਜ਼ਖ਼ਮੀ ਹੋ ਗਏ। ਧਰਮਕੋਟ ਦੇ ਡੀਐੱਸਪੀ ਸੁਬੇਗ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ ਚਾਰ ਵਜੇ ਵਾਪਰੇ ਹਾਦਸੇ ਦੌਰਾਨ ਇਕ ਕਾਰ ਵਿੱਚ ਸਵਾਰ ਪਿੰਕੀ ਬਾਲਾ ਤੇ ਉਸ ਦੀ 5 ਸਾਲ ਦੀ ਧੀ ਪੀਹੂੂ ਵਾਸੀ ਸ੍ਰੀ ਮੁਕਤਸਰ ਸਾਹਿਬ ਅਤੇ ਉਸ ਦੀ ਸਕੀ ਭੈਣ ਅੰਜਲੀ ਵਾਸੀ ਜ਼ੀਰਾ ਦੀ ਮੌਕੇ ’ਤੇ ਮੌਤ ਹੋ ਗਈ। ਹਾਦਸੇ ’ਚ ਜ਼ਖ਼ਮੀ ਹੋਏ ਪਿੰਕੀ ਦੇ ਪਤੀ ਅਜੇ ਕੁਮਾਰ, ਮਾਂ ਨੀਰਾਂ, ਭਰਾ ਅਮਨਦੀਪ ਤੇ ਭੈਣ ਸੁਨੀਤਾ ਨੂੰ ਸਥਾਨਕ ਸਿਵਲ ਹਸਪਤਾਲ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਥੇ ਧਰਮਕੋਟ ਰੋਡ ’ਤੇ ਪਿੰਡ ਜਲਾਲਾਬਾਦ ਪੂਰਬੀ ਨੇੜੇ ਇੱਕ ਹੋਰ ਕਾਰ ਅਚਾਨਕ ਤੇਜ਼ ਰਫ਼ਤਾਰ ਨਾਲ ਲਿੰਕ ਰੋਡ ਤੋਂ ਹਾਈਵੇਅ ’ਤੇ ਆਈ ਤੇ ਦੋਵਾਂ ਦੀ ਟੱਕਰ ਹੋ ਗਈ। ਹਾਦਸੇ ਮਗਰੋਂ ਕਾਰ ਨੂੰ ਅੱਗ ਲੱਗ ਗਈ ਅਤੇ ਕਾਰ ਛੱਪੜ ਵਿੱਚ ਪਲਟ ਗਈ, ਜਿਸ ਕਾਰਨ ਮਾਂ ਅਤੇ ਧੀ ਸਮੇਤ ਤਿੰਨ ਦੀ ਮੌਤ ਹੋ ਗਈ ਅਤੇ ਚਾਰ ਜਣੇ ਗੰਭੀਰ ਜ਼ਖ਼ਮੀ ਹੋ ਗਏ। ਦੂਜੀ ਕਾਰ ਹਾਈਵੇਅ ਦੇ ਕਿਨਾਰੇ ਝਾੜੀਆਂ ਵਿੱਚ ਜਾ ਡਿੱਗੀ। ਦੂਜੀ ਕਾਰ ਵਿੱਚ ਸਵਾਰ ਨੌਜਵਾਨ ਕਾਰ ਛੱਡ ਕੇ ਫ਼ਰਾਰ ਹੋ ਗਏ।