ਪੇਈਚਿੰਗ, 1 ਜੁਲਾਈ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਕਿਹਾ ਕਿ ਚੀਨ ਦੇ ਲੋਕ ਕਿਸੇ ਵਿਦੇਸ਼ੀ ਤਾਕਤ ਨੂੰ ਚੀਨ ਨੂੰ ਪ੍ਰੇਸ਼ਾਨ ਨਹੀਂ ਕਰਨ ਦੇਣਗੇ। ਉਨ੍ਹਾਂ ਦੇਸ਼ ਦੀ ਪ੍ਰਭੂਸੱਤਾ ਬਚਾਉਣ ਲਈ ਇਕ ਮਜ਼ਬੂਤ ਸੈਨਾ ਬਣਾਉਣ ਦੀ ਅਪੀਲ ਵੀ ਕੀਤੀ। ਉਹ ਚੀਨ ਦੀ ਕਮਿਊਨਿਸਟ ਪਾਰਟੀ (ਸੀਪੀਸੀ) ਦੇ 100ਵੇਂ ਸਥਾਪਨਾ ਦਿਵਸ ਸਬੰਧੀ ਸਮਾਰੋਹ ਨੂੰ ਤਿਆਨਮਨ ਗੇਟ ਦੀ ਬਾਲਕਨੀ ਤੋਂ ਸੰਬੋਧਨ ਕਰ ਰਹੇ ਸਨ। ਇੱਥੇ ਸੀਪੀਸੀ ਦੇ ਸੰਸਥਾਪਕ ਮਾਓ ਜ਼ੇ ਤੁੰਗ ਦੀ ਇਕ ਵਿਸ਼ਾਲ ਤਸਵੀਰ ਵੀ ਲੱਗੀ ਹੋਈ ਸੀ। ਇਸ ਦੌਰਾਨ ਸ਼ੀ ਨੇ ਇਹ ਵੀ ਕਿਹਾ ਕਿ ਤਾਇਵਾਨ ਨੂੰ ਚੀਨ ਦੀ ਮੁੱਖ ਭੂਮੀ ਦੇ ਨਾਲ ਜੋੜਨਾ ਸੱਤਾਧਾਰੀ ਪਾਰਟੀ ਦਾ ਇਤਿਹਾਸਕ ਟੀਚਾ ਹੈ। ਸ਼ੀ ਨੇ ਸਪੱਸ਼ਟ ਤੌਰ ’ਤੇ ਅਮਰੀਕਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕਿਸੇ ਵੀ ‘ਵਿਦੇਸ਼ੀ ਤਾਕਤ’ ਨੂੰ ਚੀਨ ਨੂੰ ਪ੍ਰੇਸ਼ਾਨ ਨਹੀਂ ਕਰਨ ਦਿੱਤਾ ਜਾਵੇਗਾ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਦੋਹਾਂ ਨੇ ਚੀਨ ਖ਼ਿਲਾਫ਼ ਸਖ਼ਤ ਨੀਤੀ ਅਪਣਾਈ ਹੈ। ਵਪਾਰ ਤੋਂ ਲੈ ਕੇ ਮਨੁੱਖੀ ਅਧਿਕਾਰਾਂ ਦੇ ਮੁੱਦੇ ਤੱਕ ਅਤੇ ਕੋਵਿਡ-19 ਦੇ ਚੀਨ ਦੇ ਸ਼ਹਿਰ ਵੂਹਾਨ ਵਿਚ ਪਹਿਲੀ ਵਾਰ ਸਾਹਮਣੇ ਆਉਣ ਦਾ ਦਾਅਵਾ ਕਰਨ ਤੱਕ ਅਮਰੀਕਾ ਨੇ ਕਈ ਮਾਮਲਿਆਂ ’ਤੇ ਚੀਨ ਨੂੰ ਨਿਸ਼ਾਨਾ ਬਣਾਇਆ ਹੈ।
ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ‘ਸਿਨਹੁਆ’ ਨੇ 68 ਸਾਲਾ ਸ਼ੀ ਦੇ ਹਵਾਲੇ ਨਾਲ ਕਿਹਾ, ‘‘ਚੀਨ ਦੇ ਲੋਕ ਕਿਸੇ ਵੀ ਵਿਦੇਸ਼ੀ ਤਾਕਤ ਨੂੰ ਉਨ੍ਹਾਂ ਨੂੰ ਧਮਕਾਉਣ, ਪ੍ਰੇਸ਼ਾਨ ਕਰਨ ਜਾਂ ਆਪਣੇ ਅਧੀਨ ਕਰਨ ਦੀ ਇਜਾਜ਼ਤ ਕਦੇ ਨਹੀਂ ਦੇਣਗੇ। ਅਜਿਹਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਨੂੰ ਵੀ 1.4 ਅਰਬ ਤੋਂ ਵੱਧ ਚੀਨੀ ਲੋਕਾਂ ਦੀ ਵਿਸ਼ਾਲ ਕੰਧ ਨਾਲ ਟਕਰਾਉਣਾ ਹੋਵੇਗਾ।’’ ਉਨ੍ਹਾਂ ਕਿਹਾ, ‘‘ਅਸੀਂ ਕਦੇ ਕਿਸੇ ਹੋਰ ਦੇਸ਼ ਦੇ ਲੋਕਾਂ ਨੂੰ ਪ੍ਰੇਸ਼ਾਨ ਜਾਂ ਆਪਣੇ ਅਧੀਨ ਨਹੀਂ ਕੀਤਾ ਹੈ ਅਤੇ ਨਾ ਹੀ ਅਸੀਂ ਕਦੇ ਅਜਿਹਾ ਕਰਾਂਗੇ।’’
ਸ਼ੀ ਨੇ ਪਾਰਟੀ ਦੇ ਸੀਨੀਅਰ ਆਗੂ ਮਾਓ ਜ਼ੇ ਤੁੰਗ, ਚਾਊ ਐਨਲਾਈ, ਚੂ ਡੀ, ਡੇਂਗ ਸ਼ਿਆਓਪਿੰਗ, ਚੇਨ ਯੁਨ ਅਤੇ ਲਿਊ ਸ਼ਾਓਚੀ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ, ‘‘ਕਿਸੇ ਨੂੰ ਵੀ ਆਪਣੀ ਕੌਮੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੀ ਰੱਖਿਆ ਲਈ ਚੀਨੀ ਲੋਕਾਂ ਦੇ ਵਿਸ਼ਾਲ ਸੰਕਲਪ, ਦ੍ਰਿੜ੍ਹ ਇੱਛਾ ਸ਼ਕਤੀ ਤੇ ਅਸਾਧਾਰਨ ਸਮਰੱਥਾ ਨੂੰ ਘੱਟ ਕਰ ਕੇ ਨਹੀਂ ਦੇਖਣਾ ਚਾਹੀਦਾ। ਸਾਨੂੰ ਕੌਮੀ ਰੱਖਿਆ ਤੇ ਹਥਿਆਰਬੰਦ ਬਲਾਂ ਦੇ ਆਧੁਨਿਕੀਕਰਨ ਵਿਚ ਤੇਜ਼ੀ ਲਿਆਉਣੀ ਚਾਹੀਦੀ ਹੈ।’’ ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪਾਰਟੀ ਨੂੰ ਫ਼ੌਜ ਦੀ ਅਗਵਾਈ ਵਿਚ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੀਪਲਜ਼ ਲਿਬਰੇਸ਼ਨ ਆਰਮੀ ਸਮਾਜਵਾਦੀ ਦੇਸ਼ ਦੀ ਰੱਖਿਆ ਤੇ ਕੌਮੀ ਗੌਰਵ ਦੀ ਰੱਖਿਆ ਲਈ ਇਕ ਮਜ਼ਬੂਤ ਥੰਮ੍ਹ ਹੈ ।
-ਪੀਟੀਆਈ
ਫ਼ੌਜੀ ਤਾਕਤ ਦਾ ਕੀਤਾ ਪ੍ਰਦਰਸ਼ਨ
ਸਕੂਲੀ ਬੱਚਿਆਂ ਤੋਂ ਇਲਾਵਾ ਪਾਰਟੀ ਦੇ ਵਰਕਰ, ਫ਼ੌਜੀ ਅਧਿਕਾਰੀਆਂ ਸਣੇ 70 ਹਜ਼ਾਰ ਤੋਂ ਵੱਧ ਜਿਨਪਿੰਗ ਦੇ ਭਾਸ਼ਣ ਦੌਰਾਨ ਪੂਰੇ ਜੋਸ਼ ਨਾਲ ਉਨ੍ਹਾਂ ਦਾ ਸਮਰਥਨ ਕਰਦੇ ਦਿਖੇ। ਸਮਾਰੋਹ ਦੀ ਸ਼ੁਰੂਆਤ ਹੈਲੀਕਾਪਟਰਾਂ ਤੇ ਨਵੇਂ ਜੰਗੀ ਜਹਾਜ਼ਾਂ ਵੱਲੋਂ ‘ਫਲਾਈਪਾਸਟ’ ਕੀਤੇ ਜਾਣ ਨਾਲ ਹੋਈ। ‘ਫਲਾਈਪਾਸਟ’ ਵਿਚ ਲਗਪਗ 71 ਜਹਾਜ਼ਾਂ ਨੇ ਹਿੱਸਾ ਲਿਆ, ਜਿਸ ਵਿਚ ਚੀਨ ਦੇ ਸਭ ਤੋਂ ਐਡਵਾਂਸ ‘ਜੇ-20 ਸਟੀਲਥ’ ਜੰਗੀ ਜਹਾਜ਼, ਹੈਲੀਕਾਪਟਰ, ਜੰਗੀ ਜਹਾਜ਼ ‘ਟਰੇਨਰ’ ਅਤੇ ਹੋਰ ਸ਼ਾਮਲ ਸਨ। ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਨ ਵੀ ਕੀਤਾ ਗਿਆ ਸੀ। ਇਕਜੁੱਟਤਾ ਦਾ ਪ੍ਰਦਰਸ਼ਨ ਕਰਦੇ ਹੋਏ ਸਾਬਕਾ ਰਾਸ਼ਟਰਪਤੀ ਹੂ ਜਿੰਤਾਓ ਅਤੇ ਸਾਬਕਾ ਪ੍ਰਧਾਨ ਮੰਤਰੀ ਵੈੱਨ ਜਿਆਬੋ ਨੇ ਵੀ ਸਮਾਰੋਹ ਵਿਚ ਸ਼ਿਰਕਤ ਕੀਤੀ। ਉੱਥੇ ਹੀ ਪਾਰਟੀ ਦੇ ਸਾਬਕਾ ਜਨਰਲ ਸਕੱਤਰ ਜਿਆਂਗ ਜ਼ੈਮਿਨ (94) ਅਤੇ ਸਾਬਕਾ ਪ੍ਰਧਾਨ ਮੰਤਰੀ ਚੂ ਰੌਂਗਜੀ (92) ਦੇ ਸਮਾਰੋਹ ਵਿਚ ਸ਼ਾਮਲ ਨਾ ਹੋਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਨਾਲ ਸਬੰਧਤ ਕਿਆਸਅਰਾਈਆਂ ਹੋਰ ਵਧ ਗਈਆਂ।