ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 1 ਜੁਲਾਈ
ਨਰਾਇਣਗੜ੍ਹ ਦੇ ਸਰਕਾਰੀ ਕਾਲਜ ਵਿੱਚ ਡਾਕਟਰਸ ਦਿਵਸ ’ਤੇ ਇੱਕ ਪ੍ਰੋਗਰਾਮ ਕਰਵਾਇਆ ਗਿਆ। ਕਾਲਜ ਵਿੱਚ ਪਿਛਲੇ ਚਾਰ ਦਿਨਾਂ ਤੋਂ ਚੱਲ ਰਹੇ ਕੋਵਿਡ ਵੈਕਸੀਨੇਸ਼ਨ ਕੈਂਪ ਵਿੱਚ ਪਹੁੰਚੇ ਡਾਕਟਰਾਂ ਦਾ ਪ੍ਰਿੰਸੀਪਲ ਸੰਜੀਵ ਸਣੇ ਹੋਰ ਪ੍ਰੋਫੈਸਰਾਂ ਨੇ ਸਵਾਗਤ ਕੀਤਾ। ਪ੍ਰਿੰਸੀਪਲ ਸੰਜੀਵ ਕੁਮਾਰ ਤੇ ਗੁਰਪ੍ਰੀਤ ਕੌਰ ਨੇ ਡਾਕਟਰਾਂ ਦੇ ਕਰੋਨਾ ਮਹਾਮਾਰੀ ਦੌਰਾਨ ਦਿੱਤੀ ਗਈਆਂ ਸੇਵਾਵਾਂ ਦਾ ਸ਼ਲਾਘਾ ਕਰਦਿਆਂ ਕਿਹਾ, ‘ਮਾਪਿਆਂ ਤੋਂ ਬਾਅਦ ਜੇ ਕਿਸੇ ਨੂੰ ਭਗਵਾਨ ਦਾ ਦਰਜਾ ਮਿਲਿਆ ਹੈ ਤਾਂ ਉਹ ਡਾਕਟਰ ਹਨ, ਜਿਨ੍ਹਾਂ ਨੇ ਆਪਣੀ ਤੇ ਪਰਿਵਾਰਕ ਮੈਂਬਰਾਂ ਦੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਇਸ ਮਹਾਮਾਰੀ ਦੌਰਾਨ ਅਣਗਿਣਤ ਲੋਕਾਂ ਨੂੰ ਮੌਤ ਦੇ ਮੂੰਹ ’ਚੋਂ ਬਚਾਇਆ। ਅਸੀਂ ਸਾਰੇ ਡਾਕਟਰਾਂ ਦਾ ਧੰਨਵਾਦ ਕਰਦੇ ਹਾਂ।’ ਪ੍ਰੋਫੈਸਰ ਸ਼ੁੱਭਮ ਤੇ ਸਤੀਸ਼ ਨੇ ਕਿਹਾ ਕਿ ਡਾਕਟਰ ਸਾਡੇ ਲਈ ਪਰਮਾਤਮਾ ਦਾ ਦੂਜਾ ਰੂਪ ਹਨ, ਜਿਨ੍ਹਾਂ ਨੇ ਜਿੱਥੇ ਕਰੋਨਾ ਮਹਾਮਾਰੀ ਤੋਂ ਬਚਾਅ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਹੈ ਉੱਥੇ ਹੀ ਕੋਵਿਡ ਵੈਕਸੀਨੇਸ਼ਨ ਬਾਰੇ ਵੀ ਅਹਿਮ ਭੂਮਿਕਾ ਨਿਭਾਈ ਹੈ।