ਗੁਰਦਾਸਪੁਰ (ਕੇ.ਪੀ. ਸਿੰਘ/ਜਤਿੰਦਰ ਬੈਂਸ): ਗੁਰਦਾਸਪੁਰ-ਕਲਾਨੌਰ ਰੋਡ ’ਤੇ ਸਥਿਤ ਪਿੰਡ ਖੋਖਰ ਨੇੜੇ ਮਿੱਟੀ ਲਿਜਾ ਰਹੇ ਇਕ ਟਿੱਪਰ ਨਾਲ ਆਲਟੋ ਕਾਰ ਦੀ ਹੋਈ ਆਹਮੋ-ਸਾਹਮਣੇ ਦੀ ਟੱਕਰ ਵਿੱਚ ਕਾਰ ਸਵਾਰ ਤਿੰਨ ਔਰਤਾਂ ਅਤੇ ਦੋ ਸਾਲ ਦੀ ਬੱਚੀ ਸਣੇ ਪੰਜ ਜਣਿਆਂ ਦੀ ਮੌਤ ਹੋ ਗਈ। ਖ਼ਬਰ ਲਿਖੇ ਜਾਣ ਤੱਕ ਆਲਟੋ ਕਾਰ ਦੇ ਮਾਲਕ ਦੀ ਪਛਾਣ ਨਹੀਂ ਹੋ ਸਕੀ ਸੀ ਜਦਕਿ ਬਾਕੀ ਮ੍ਰਿਤਕ ਕਲਾਨੌਰ ਦੇ ਰਹਿਣ ਵਾਲੇ ਸਨ। ਥਾਣਾ ਸਦਰ ਦੇ ਮੁਖੀ ਜਤਿੰਦਰ ਪਾਲ ਨੇ ਦੱਸਿਆ ਕਿ ਆਲਟੋ ਕਾਰ ਨੰਬਰ ਪੀਬੀ46ਕਿਊ-4577 ਨੂੰ ਵਿਕਰਮ ਮਸੀਹ ਚਲਾ ਰਿਹਾ ਸੀ ਅਤੇ ਕਾਰ ਵਿੱਚ ਸਵਾਰ ਲੋਕ ਗੁਰਦਾਸਪੁਰ ਤੋਂ ਕਲਾਨੌਰ ਵੱਲ ਜਾ ਰਹੇ ਸਨ। ਇਸ ਦੌਰਾਨ ਪਿੰਡ ਖੋਖਰ ਨੇੜੇ ਸਾਹਮਣੇ ਤੋਂ ਆ ਰਹੇ ਇਕ ਟਿੱਪਰ ਨਾਲ ਕਾਰ ਦੀ ਆਹਮੋ-ਸਾਹਮਣੇ ਦੀ ਟੱਕਰ ਹੋ ਗਈ। ਹਾਦਸੇ ਵਿਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਕਾਰ ਸਵਾਰ ਪੰਜ ਜਣਿਆਂ ਦੀ ਮੌਤ ਹੋ ਗਈ।