ਐੱਨਪੀ ਧਵਨ
ਪਠਾਨਕੋਟ, 1 ਜੁਲਾਈ
ਦੋ ਸਾਲਾਂ ਤੋਂ ਤਨਖਾਹ ਵਿੱਚ ਕੋਈ ਵੀ ਵਾਧਾ ਨਾ ਕੀਤੇ ਜਾਣ ਅਤੇ ਹੋਰ ਭੱਤਿਆਂ ਨੂੰ ਲਾਗੂ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਇਥੇ ਸਥਿਤ ਕਾਰਾਂ ਦੀ ਕੰਪਨੀ ਵਹੀਕਲੇਡਸ ਦੇ ਸਮੂਹ ਵਰਕਰਾਂ ਨੇ ਕੰਮ ਕਾਜ ਠੱਪ ਰੱਖਿਆ ਅਤੇ ਕੰਪਨੀ ਦੇ ਮੁੱਖ ਸ਼ੋਅਰੂਮ ਦੇ ਬਾਹਰ 5-6 ਘੰਟੇ ਤੱਕ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰ ਰਹੇ ਅੰਕਿਤ ਸ਼ਰਮਾ, ਦਰਸ਼ਨ ਬੱਗਾ, ਰਾਹੁਲ ਸ਼ਰਮਾ, ਰਾਜੇਸ਼ ਕੁਮਾਰ, ਮਾਣਿਕ, ਨਿਰੀਕਸ਼ਣ ਸ਼ਰਮਾ, ਮਨੋਜ ਕੁਮਾਰ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਕੰਪਨੀ ਵੱਲੋਂ ਤਨਖਾਹ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਾਧਾ ਨਹੀਂ ਕੀਤਾ ਗਿਆ। ਇਥੇ ਹੀ ਬੱਸ ਨਹੀਂ ਉਨ੍ਹਾਂ ਦੀ ਮੁੱਢਲੀ ਤਨਖਾਹ ਵਿੱਚ ਵੀ ਕਟੌਤੀ ਕੀਤੀ ਗਈ ਹੈ ਅਤੇ ਇੰਨੀ ਵੱਡੀ ਕੰਪਨੀ ਵਿੱਚ ਪਾਣੀ ਪੀਣ ਤੱਕ ਦੀ ਸੁਵਿਧਾ ਨਹੀਂ ਹੈ। ਨੌਕਰੀ ਛੱਡ ਚੁੱਕੇ ਮੁਲਾਜ਼ਮ ਮੁਕੇਸ਼, ਮੁਨੀਸ਼, ਬਲਵਿੰਦਰ, ਰਾਜਿੰਦਰ, ਰਾਜੇਸ਼, ਰਿੱਕੀ ਠਾਕੁਰ ਅਤੇ ਸੁਨੀਲ ਨੇ ਕਿਹਾ ਕਿ ਉਨ੍ਹਾਂ ਨੂੰ ਕੰਪਨੀ ਨੂੰ ਛੱਡੇ ਹੋਏ 9 ਮਹੀਨੇ ਬੀਤੇ ਚੁੱਕੇ ਹਨ ਪਰ ਕੰਪਨੀ ਉਨ੍ਹਾਂ ਦਾ ਬਣਦਾ ਕੋਈ ਹਿਸਾਬ ਨਹੀਂ ਦੇ ਰਹੀ। ਮਾਮੂਨ ਥਾਣੇ ਦੇ ਐੱਸਐੱਚਓ ਨਵਦੀਪ ਸ਼ਰਮਾ ਮੌਕੇ ਤੇ ਪੁੱਜ ਕੇ ਵਰਕਰਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਕੰਪਨੀ ਦੀ ਮੈਨੇਜਮੈਂਟ ਕੋਲ ਪਹੁੰਚਾ ਦਿੱਤਾ ਗਿਆ ਹੈ ਅਤੇ ਮੈਨੇਜਮੈਂਟ ਦੇ ਫੈਸਲੇ ਦੇ ਬਾਅਦ ਜੋ ਵੀ ਜਾਣਕਾਰੀ ਹੋਵੇਗੀ ਉਨ੍ਹਾਂ ਕੋਲ ਪੁੱਜਦੀ ਕਰ ਦਿੱਤੀ ਜਾਵੇਗੀ। ਇਸ ਦੇ ਬਾਅਦ ਵਰਕਰਾਂ ਦਾ ਗੁੱਸਾ ਸ਼ਾਂਤ ਹੋਇਆ ਅਤੇ ਉਹ ਆਪਣੇ ਘਰਾਂ ਨੂੰ ਪਰਤ ਗਏ। ਕੰਪਨੀ ਦੇ ਚੀਫ ਆਪਰੇਟਿੰਗ ਅਫਸਰ ਸ਼੍ਰੀਕਾਂਤ ਨੇ ਕਿਹਾ ਕਿ ਕਰੋਨਾ ਦੇ ਚਲਦੇ ਦਿੱਕਤ ਆਈ ਹੈ ਅਤੇ ਉਹ ਇੰਨ੍ਹਾਂ ਦੀਆਂ ਮੰਗਾਂ ਨੂੰ ਮੈਨੇਜਮੈਂਟ ਕੋਲ ਪਹੁੰਚਾ ਦੇਣਗੇ।