ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 1 ਜੁਲਾਈ
ਤਿੱਬੜ ਪੁਲੀਸ ਵੱਲੋਂ ਕਤਲ ਦੇ ਕਥਿਤ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਨਾ ਕਰਨ ਦੇ ਵਿਰੋਧ ਵਿੱਚ ਪਿੰਡ ਗੋਤ ਪੋਕਰ ਦੇ ਵਾਸੀਆਂ ਵੱਲੋਂ ਥਾਣੇ ਅੱਗੇ ਧਰਨਾ ਲਗਾਇਆ। ਬੀਤੇ ਦਿਨ ਪਿੰਡ ਗੋਹਤ ਪੋਖਰ ਦੇ ਮਸਤਾਨ ਸਿੰਘ ਪੁੱਤਰ ਪ੍ਰੀਤਮ ਸਿੰਘ ਦਾ ਗੁਆਢੀ ਲਖਵਿੰਦਰ ਸਿੰਘ ਨਾਲ ਇਕ ਮਾਮੂਲੀ ਝਗੜੇ ਦੌਰਾਨ ਕਤਲ ਹੋ ਗਿਆ ਸੀ। ਮੁਲਜ਼ਮਾਂ ਖ਼ਿਲਾਫ਼ ਕੋਈ ਕਰਵਾਈ ਨਾ ਹੁੰਦੀ ਦੇਖ ਕੇ ਪਿੰਡ ਗੋਹਤ ਪੋਖਰ ਵਾਸੀਆਂ ਨੇ ਥਾਣੇ ਦੇ ਸਾਹਮਣੇ ਧਰਨਾ ਲਗਾ ਦਿੱਤਾ। ਮ੍ਰਿਤਕ ਦੇ ਭਰਾ ਸ਼ਮਸ਼ੇਰ ਸਿੰਘ ਪਤਨੀ ਅਕਵਿੰਦਰ ਕੌਰ ਅਤੇ ਧੀ ਰੁਪਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਜਿਸ ਦੇ ਚੱਲਦਿਆਂ ਥੋੜ੍ਹੀ ਬਜਰੀ ਗਲੀ ਵਿੱਚ ਖਿੱਲਰੀ ਹੋਈ ਸੀ। ਇਸ ਦੌਰਾਨ ਉਨ੍ਹਾਂ ਦੇ ਗੁਆਂਢ ਰਹਿੰਦੇ ਥਾਣੇਦਾਰ ਲਖਵਿੰਦਰ ਸਿੰਘ ਅਤੇ ਉਸ ਦੇ ਪਰਿਵਾਰ ਨੇ ਇਸ ਬਜਰੀ ਨੂੰ ਲੈ ਕੇ ਉਨ੍ਹਾਂ ਨਾਲ ਝਗੜਾ ਕੀਤਾ। ਜਿਸ ਦੌਰਾਨ ਥਾਣੇਦਾਰ ਲਖਵਿੰਦਰ ਸਿੰਘ ਅਤੇ ਉਸ ਪਰਿਵਾਰਕ ਮੈਂਬਰਾਂ ਵੱਲੋਂ ਮਸਤਾਨ ਸਿੰਘ ਨੂੰ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਥਾਣਾ ਤਿੱਬੜ ਦੀ ਪੁਲਸ ਨੇ ਮੌਕਾ ਵੇਖਿਆ ਪਰ ਦੁਪਹਿਰ ਤੱਕ ਵੀ ਪੀੜਤ ਪਰਿਵਾਰ ਦੇ ਬਿਆਨਾਂ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਬਣਦੀਆਂ ਧਰਾਵਾਂ ਤਹਿਤ ਕੇਸ ਦਰਜ ਨਹੀਂ ਕੀਤਾ। ਇਸ ਦੇ ਚਲਦਿਆਂ ਉਨ੍ਹਾਂ ਨੂੰ ਥਾਣੇ ਦਾ ਘਿਰਾਓ ਕਰਨ ਲਈ ਮਜਬੂਰ ਹੋਣਾ ਪਿਆ ਹੈ। ਇਹ ਧਰਨਾ ਲਗਪਗ ਤਿੰਨ ਘੰਟੇ ਤੱਕ ਚੱਲਿਆ। ਇਸ ਦੌਰਾਨ ਹਲਕਾ ਡੀਐੱਸਪੀ ਸੁਖਪਾਲ ਨੇ ਮੌਕੇ ਤੇ ਪਹੁੰਚ ਕਿ ਮੁਜ਼ਾਹਰਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਹਮਲਾਵਰਾਂ ਖ਼ਿਲਾਫ਼ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇਗਾ। ਇਸ ਮੌਕੇ ਪਿੰਡ ਦੇ ਸਰਪੰਚ ਹਰਜਿੰਦਰ ਸਿੰਘ, ਸ਼ਮਸ਼ੇਰ ਸਿੰਘ, ਗੁਰਦੀਪ ਸਿੰਘ ਰਾਜੂਬੇਲਾ, ਸਰਪੰਚ ਭਗਵੰਤ ਸਿੰਘ ਰਾਜੂਬੇਲਾ, ਸਰਤਾਜ ਸਿੰਘ ਰਾਜੂਬੇਲਾ, ਹਰਭਜਨ ਸਿੰਘ, ਭੁਪਿੰਦਰ ਸਿੰਘ, ਬਖ਼ਸ਼ੀਸ਼ ਸਿੰਘ, ਮਹਿੰਦਰ ਸਿੰਘ ਪੰਚ, ਪਰਮਜੀਤ ਕੌਰ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਕੋਲੋਂ ਕਥਿਤ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।