ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 1 ਜੁਲਾਈ
ਸਿਟੀ ਪੁਲੀਸ ਕੋਟਕਪੂਰਾ ਨੇ ਗਰਭਵਤੀ ਨਵ-ਵਿਆਹੁਤਾ ਦੀ ਮੌਤ ਦੇ ਮਾਮਲੇ ਵਿੱਚ ਸਹੁਰੇ ਪਰਿਵਾਰ ਦੇ ਪੰਜ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਮ੍ਰਿਤਕਾ ਦੇ ਪਤੀ ਸ਼ੁਭਮ ਮੋਦਗਿਲ, ਸੱਸ ਸੁਨੀਤਾ, ਨਨਾਣ ਕੋਮਲ ਅਤੇ ਦਿਓਰ ਸਵਾਸਥ ਅਤੇ ਗੌਤਮ ਨੂੰ ਨਾਮਜ਼ਦ ਕੀਤਾ ਹੈ। ਪੁਲੀਸ ਨੇ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅੱਜ ਅਦਾਲਤ ਵਿੱਚ ਪੇਸ਼ ਕੀਤਾ। ਇਧਰ ਸਿਹਤ ਵਿਭਾਗ ਦੇ ਮੈਡੀਕਲ ਬੋਰਡ ਨੇ ਮ੍ਰਿਤਕਾ ਵੀਨੂੰ ਦੀ ਦੇਹ ਦਾ ਪੋਸਟ ਮਾਰਟਮ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਸਥਾਨਕ ਹੀਰਾ ਸਿੰਘ ਨਗਰ ਦੀ ਗਲੀ ਨੰਬਰ 5 ਵਿੱਚ ਰਹਿਣ ਵਾਲੀ ਵੀਨੂੰ ਪ੍ਰਿਆ ਦੀ ਪੱਖੇ ਨਾਲ ਲਟਕਦੀ ਲਾਸ਼ ਪੁਲੀਸ ਨੇ ਬਰਾਮਦ ਕੀਤੀ ਸੀ। ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਕਰੀਬ ਦੋ ਮਹੀਨੇ ਪਹਿਲਾਂ ਸ਼ੁਭਮ ਮੋਦਗਿਲ ਨਾਲ ਵਿਆਹ ਹੋਇਆ ਸੀ। ਸ਼ੁਭਮ ਇਸ ਸਮੇਂ ਪੰਜਾਬ ਪੁਲੀਸ ਵਿੱਚ ਸਿਪਾਹੀ ਤਾਇਨਾਤ ਹੈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸਹੁਰੇ ਪਰਿਵਾਰ ਵੱਲੋਂ ਉਨ੍ਹਾਂ ਦੀ ਲੜਕੀ ਨੂੰ ਦਾਜ ਲਈ ਤੰਗ ਕੀਤਾ ਜਾਂਦਾ ਸੀ ਜਦੋਂ ਕਿ ਉਨ੍ਹਾਂ ਨੇ ਵਿਆਹ ਵਿੱਚ ਆਪਣੀ ਸਮਰਥਾ ਮੁਤਾਬਕ ਦਾਜ ਵੀ ਦਿੱਤਾ ਸੀ ਤੇ ਦਾਜ ਵਿੱਚ ਕਾਰ ਵੀ ਦਿੱਤੀ ਸੀ। ਫੇਰ ਵੀ ਇਨ੍ਹਾਂ ਉਨ੍ਹਾਂ ਦੀ ਧੀ ਨੂੰ ਪ੍ਰੇਸ਼ਾਨ ਕਰਨਾ ਜਾਰੀ ਰੱਖਿਆ। ਬੁੱਧਵਾਰ ਦੀ ਰਾਤ ਵੀਨੂੰ ਨੇ ਕੋਠੀ ਦੇ ਉਪਰਲੇ ਹਿੱਸੇ ਵਿੱਚ ਬਣੇ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।