ਯੇਰੋਸ਼ਲਮ, 2 ਜੁਲਾਈ
ਇਜ਼ਰਾਈਲ ਦੇ ਲੜਾਕੂ ਜਾਹਜ਼ਾਂ ਨੇ ਹਮਾਸ ਵੱਲੋਂ ਇਜ਼ਰਾਈਲ ਵਿੱਚ ਜਲਣਸ਼ੀਲ ਗੁਬਾਰੇ ਭੇਜਣ ’ਤੇ ਜਵਾਬੀ ਕਾਰਵਾਈ ਕਰਦਿਆਂ ਗਾਜ਼ਾ ਵਿੱਚ ਹਥਿਆਰ ਬਣਾਉਣ ਵਾਲੇ ਇੱਕ ਟਿਕਾਣੇ ’ਤੇ ਸਾਰੀ ਰਾਤ ਹਮਲੇ ਕੀਤੇ। ਇਹ ਜਾਣਕਾਰੀ ਅੱਜ ਫ਼ੌਜ ਵੱਲੋਂ ਦਿੱਤੀ ਗਈ। ਹਾਲੇ ਤੱਕ ਹਮਲੇ ’ਚ ਕੋਈ ਨੁਕਸਾਨ ਹੋਣ ਦੀ ਸੂਚਨਾ ਨਹੀਂ ਮਿਲੀ ਹੈ।
ਫ਼ੌਜ ਵੱਲੋਂ ਦੱਸਿਆ ਗਿਆ ਕਿ ਹਮਲੇ ਦੌਰਾਨ ਉਸ ਨੇ ਇਸਲਾਮੀ ਦਹਿਸ਼ਤਗਰਦ ਗੁੱਟ ਹਮਾਸ ਵੱਲੋਂ ਹਥਿਆਰਾਂ ਸਬੰਧੀ ਖੋਜ ਅਤੇ ਵਿਕਾਸ ਕਰਨ ਲਈ ਵਰਤੇ ਜਾਂਦੇ ਟਿਕਾਣੇ ਨੂੰ ਨਿਸ਼ਾਨਾ ਬਣਾਇਆ। ਮਈ ਮਹੀਨੇ ਹਮਾਸ ਨਾਲ 11 ਦਿਨਾਂ ਦੀ ਜੰਗ ਸਮਾਪਤੀ ਮਗਰੋਂ ਇਜ਼ਰਾਈਲ ਵੱਲੋਂ ਗਾਜ਼ਾ ’ਤੇ ਕੀਤਾ ਗਿਆ ਇਹ ਤੀਜਾ ਹਮਲਾ ਸੀ। ਹਮਾਸ ਵੱਲੋਂ ਜਲਣਸ਼ੀਲ ਗੁਬਾਰੇ ਭੇਜਣ ’ਤੇ ਇਜ਼ਰਾਈਲ ਵੱਲੋਂ ਹਰ ਵਾਰ ਜਵਾਬੀ ਹਮਲਾ ਕੀਤਾ ਗਿਆ। ਇਨ੍ਹਾਂ ਗੁਬਾਰਿਆਂ ਨਾਲ ਇਜ਼ਰਾਈਲ ਦੇ ਕਿਸਾਨ ਭਾਈਚਾਰੇ ਨੂੰ ਨੁਕਸਾਨ ਹੋਇਆ ਸੀ। -ਏਪੀ
ਨੇਪਾਲ: ਵਿਦੇਸ਼ੀ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਬਹਾਲ
ਕਾਠਮੰਡੂ, 2 ਜੁਲਾਈ
ਨੇਪਾਲ ਨੇ ਦੇਸ਼ ਵਿੱਚ ਰਹਿੰਦੇ ਵਿਦੇਸ਼ੀ ਨਾਗਰਿਕਾਂ ਲਈ ਰੈਗੂਲਾਰ ਵੀਜ਼ਾ ਸੇਵਾਵਾਂ ਅੱਜ ਬਹਾਲ ਕਰ ਦਿੱਤੀਆਂ ਹਨ। ਕਰੋਨਾਵਾਇਰਸ ਦੀ ਦੂਜੀ ਲਹਿਰ ਦੀ ਰੋਕਥਾਮ ਦੇ ਮੱਦੇਨਜ਼ਰ ਇਹ ਸੇਵਾਵਾਂ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਮੁਅੱਤਲ ਸਨ। ਇਸ ਤੋਂ ਪਹਿਲਾਂ ਨੇਪਾਲ ਵੱਲੋਂ ਪਹਿਲੀ ਜੁਲਾਈ ਨੂੰ ਦੇਸ਼ ਦੇ ਅਜਿਹੇ ਇਲਾਕਿਆਂ, ਜਿੱਥੇ ਕਰੋਨਾ ਲਾਗ ਦੇ ਕੇਸ ਘੱਟ ਹਨ, ਲਈ ਸੀਮਤ ਗਿਣਤੀ ਵਿੱਚ ਕੌਮਾਂਤਰੀ ਅਤੇ ਘਰੇਲੂ ਉਡਾਣਾਂ ਨੂੰ ਦੁਬਾਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ। ਨੇਪਾਲ ਵਿੱਚ ਵਿਦੇਸ਼ੀ ਪਾਸਪੋਰਟ ਵਾਲੇ ਕਈ ਲੋਕ ਤਾਲਾਬੰਦੀ ਦੇ ਚੱਲਦਿਆਂ ਇਮੀਗ੍ਰੇਸ਼ਨ ਦਫ਼ਤਰਾਂ ਤੱਕ ਨਾ ਪਹੁੰਚ ਸਕਣ ਕਰਕੇ ਆਪਣੇ ਵੀਜ਼ੇ ਰੈਗੂਲਰ ਨਹੀਂ ਸਨ ਕਰਵਾ ਸਕੇ। ਨੇਪਾਲ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਵੀਰਵਾਰ ਨੂੰ ਜਾਰੀ ਇੱਕ ਨੋਟਿਸ ’ਚ ਕਿਹਾ ਗਿਆ ਕਿ ਸਿਹਤ ਵਿਭਾਗ ਵੱਲੋਂ ਜਾਰੀ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਦੋ ਜੁਲਾਈ ਤੋਂ ਰੈਗੂਲਰ ਵੀਜ਼ਾ ਸੇਵਾਵਾਂ ਬਹਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਨੋਟਿਸ ਮੁਤਾਬਕ 28 ਅਪਰੈਲ ਤੱਕ ਨੇਪਾਲ ਦੇ ਯੋਗ ਵੀਜ਼ੇ ਵਾਲੇ ਵਿਦੇਸ਼ੀ ਨਾਗਰਿਕਾਂ, ਜੋ 8 ਜੁਲਾਈ ਤੱਕ ਦੇਸ਼ ’ਚੋਂ ਜਾ ਰਹੇ ਹਨ, ਦਾ ਵੀਜ਼ਾ ਕਾਠਮੰਡੂ ਵਿੱਚ ਤ੍ਰਿਭੂਵਨ ਕੌਮਾਂਤਰੀ ਹਵਾਈ ਅੱਡੇ ’ਤੇ ਜਾਣ ਸਮੇਂ ਬਿਨਾਂ ਫ਼ੀਸ ਤੋਂ ਰੈਗੂਲਰ ਕੀਤਾ ਜਾਵੇਗਾ। -ਪੀਟੀਆਈ