ਮਨਦੀਪ ਸਿੰਘ ਸਿੱਧੂ
ਸ਼ਾਂਤੀ ਪ੍ਰਕਾਸ਼ ਬਖ਼ਸ਼ੀ ਉਰਫ਼ ਐੱਸ. ਪੀ. ਬਖ਼ਸ਼ੀ ਦੀ ਪੈਦਾਇਸ਼ 1925 ਵਿਚ ਲਾਹੌਰ ਦੇ ਪੰਜਾਬੀ ਖੱਤਰੀ ਪਰਿਵਾਰ ਵਿਚ ਹੋਈ। ਮਾਰੂਫ਼ ਅਦਾਕਾਰ ਓਮ ਪ੍ਰਕਾਸ਼ ਅਤੇ ਫ਼ਿਲਮਸਾਜ਼ ਜੰਗ ਬਹਾਦਰ ਬਖ਼ਸ਼ੀ ਇਨ੍ਹਾਂ ਦੇ ਸਕੇ ਭਰਾ ਸਨ। ਲਾਹੌਰ ਤੋਂ ਬੀ. ਏ. ਕਰਨ ਤੋਂ ਬਾਅਦ ਸ਼ਾਂਤੀ ਪ੍ਰਕਾਸ਼ ਦੀ ਦਿਲਚਸਪੀ ਫ਼ਿਲਮਾਂ ਵੰਨੀ ਹੋ ਗਈ। ਉਹ ਸਿਰਫ਼ ਪੰਜਾਬੀ ਤੇ ਹਿੰਦੀ ਫ਼ਿਲਮਾਂ ਦੇ ਹਿਦਾਇਤਕਾਰ ਹੀ ਨਹੀਂ ਸਨ ਬਲਕਿ ਫ਼ਿਲਮਾਂ ਦੇ ਮੁਕਾਲਮਾਨਿਗਾਰ, ਮੰਜ਼ਰਨਿਗਾਰ, ਕਹਾਣੀਕਾਰ ਤੇ ਨਗ਼ਮਾਨਿਗਾਰ ਵੀ ਸਨ।
ਸਾਲ 1946 ਪੰਜਾਬੀ ਫ਼ਿਲਮ ਸਨਅਤ ਦਾ ਉਰੂਜ਼ ਦਾ ਵਰ੍ਹਾ ਸੀ। ਇਸ ਸਾਲ ਬੇਸ਼ੁਮਾਰ ਨਵੇਂ ਅਦਾਰੇ ਵਜੂਦ ਵਿਚ ਆਏ। ਇਸੇ ਸਾਲ ਦੀ ਸ਼ੁਰੂਆਤ ਵਿਚ ਠਾਕੁਰ ਹਿੰਮਤ ਸਿੰਘ ਨੇ ਲਾਹੌਰ ਦੇ ਫ਼ਿਰੋਜ਼ਪੁਰ ਰੋਡ ’ਤੇ ਇਕ ਫਰਨੀਚਰ ਬਣਾਉਣ ਵਾਲੀ ਫੈਕਟਰੀ ਖ਼ਰੀਦ ਕੇ ਇਸ ਨੂੰ ਸਟੂਡੀਓ ਵਿਚ ਤਬਦੀਲ ਕਰ ਦਿੱਤਾ ਅਤੇ ਇਸ ਦਾ ਨਾਮ ਰੱਖਿਆ ਲੀਲਾ ਮੰਦਰ ਸਟੂਡੀਓ। ਠਾਕੁਰ ਹਿੰਮਤ ਸਿੰਘ ਨੇ ਜਦੋਂ ਆਪਣੇ ਫ਼ਿਲਮਸਾਜ਼ ਅਦਾਰੇ ਲੀਲਾ ਮੰਦਰ ਪ੍ਰੋਡਕਸ਼ਨਜ਼, ਲਾਹੌਰ ਦੀ ਪਹਿਲੀ ਪੰਜਾਬੀ ਫ਼ਿਲਮ ‘ਕਮਲੀ’ (1946) ਸ਼ੁਰੂ ਕੀਤੀ ਤਾਂ ਇਸ ਦੀ ਹਿਦਾਇਤਕਾਰੀ ਦਾ ਜਿੰਮਾ ਉਨ੍ਹਾਂ ਨੇ ਨੌਜਵਾਨ ਸ਼ਾਂਤੀ ਪ੍ਰਕਾਸ ਬਖ਼ਸ਼ੀ ਨੂੰ ਸੌਂਪਿਆ। ਸ਼ਾਂਤੀ ਪ੍ਰਕਾਸ਼ ਬਖ਼ਸੀ ਨੇ ਪ੍ਰਕਾਸ਼ ਬਖ਼ਸ਼ੀ ਦੇ ਨਾਮ ਨਾਲ ਇਸ ਫ਼ਿਲਮ ਦੀ ਹਿਦਾਇਤਕਾਰੀ ਕਰਦਿਆਂ ਫ਼ਿਲਮ ਵਿਚ ਦੋ ਨਵੇਂ ਚਿਹਰਿਆਂ ਨੂੰ ਮੁਤਆਰਿਫ਼ ਕਰਵਾਇਆ। ਪਹਿਲਾ ਹਾਫ਼ਿਜ਼ਾਬਾਦ ਦਾ ਗੱਭਰੂ ਅਮਰਨਾਥ ਭਾਰਦਵਾਜ ਅਤੇ ਦੂਜਾ ਮਾਸਟਰ ਇਨਾਇਤ ਅਲੀ ਨਾਥ ਦੀ ਧੀ ਰਾਣੀ ਕਿਰਨ। ਫ਼ਿਲਮ ਵਿਚ ਅਮਰਨਾਥ ਦੇ ਹਮਰਾਹ ਅਦਾਕਾਰਾ ਆਸ਼ਾ ਪੌਸਲੇ (ਭੈਣ ਰਾਣੀ ਕਿਰਨ) ਅਤੇ ਰਾਣੀ ਕਿਰਨ ਦੇ ਰੂਬਰੂ ਮਜ਼ਾਹੀਆ ਅਦਾਕਾਰ ਸ਼ੇਖ ਇਕਬਾਲ ਕੰਮ ਕਰ ਰਿਹਾ ਸੀ। ਮੁਸੱਨਫ਼ ਤੇ ਨਗ਼ਮਾਨਿਗਾਰ ਪੀ. ਐੱਨ. ਰੰਗੀਨ ਅਤੇ ਮੌਸੀਕੀ ਮਾਸਟਰ ਇਨਾਇਤ ਹੁਸੈਨ (ਸਹਾਇਕ ਆਸ਼ਿਕ ਹੁਸੈਨ/ਪਹਿਲੀ ਫ਼ਿਲਮ) ਨੇ ਤਾਮੀਰ ਕੀਤੀ। ਫ਼ਿਲਮ ਦੇ ਗੀਤ ‘ਮੈਂ ਗਾਵਾਂ ਤੂੰ ਨੱਚਦੀ ਜਾ’, ‘ਜਾ ਹਾਏ ਚੰਨਾ ਬੱਦਲੀ ਵਿਚ ਜਾ’, ‘ਓ ਪਛਤਾਇਆ ਅੱਖੀਆਂ ਲਾ ਕੇ ਪਛਤਾਇਆ’ (ਬਰਕਤ ਅਲੀ ਖ਼ਾਨ), ‘ਕੁਝ ਮਿਲਿਆ ਨਾ ਬਣ ਕੇ ਸਵਾਲੀ’, ‘ਨਿਓ ਨਾਲ ਵਪਾਰੀ ਲਾ ਕੇ’ (ਇਕਬਾਲ ਬੇਗ਼ਮ) ਆਦਿ ਗੀਤ ਖ਼ੂਬ ਚੱਲੇ। ਇਹ ਫ਼ਿਲਮ 4 ਅਕਤੂਬਰ 1946 ਨੂੰ ਰਿਟਜ਼ ਸਿਨਮਾ, ਲਾਹੌਰ ਅਤੇ ਚਿੱਤਰਾ ਟਾਕੀਜ਼, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ ਤੇ ਕਾਮਯਾਬ ਫ਼ਿਲਮ ਕਰਾਰ ਪਾਈ।
3 ਅਗਸਤ 1947 ਨੂੰ ਲਾਹੌਰ ਵਿਚ ਲੀਲਾ ਮੰਦਰ ਸਟੂਡੀਓ ਨੇ ਆਪਣੀ ਪਹਿਲੀ ਹਿੰਦੀ ਫ਼ਿਲਮ ‘ਦੀਵਾਨੇ ਦੋ’ ਉਰਫ਼ ‘ਬੇਦਰਦੀ’ ਸ਼ੁਰੂ ਕੀਤੀ। ਹਿਦਾਇਤਕਾਰ ਫਿਰ ਸ਼ਾਂਤੀ ਪ੍ਰਕਾਸ਼ ਬਖ਼ਸ਼ੀ (ਸਹਾਇਕ ਕਰੁਣੇਸ਼ ਠਾਕੁਰ) ਸਨ। 12 ਅਗਸਤ ਨੂੰ ਠਾਕੁਰ ਹਿੰਮਤ ਸਿੰਘ ਦਾ ਫ਼ਰਜ਼ੰਦ ਕਰੁਣੇਸ਼ ਠਾਕੁਰ ਆਪਣੀ ਫ਼ਿਲਮ ਯੂਨਿਟ ਨੂੰ ਲੈ ਕੇ ਦੇਹਰਾਦੂਨ ਚਲਾ ਗਿਆ। ਲਾਹੌਰ ’ਚ ਦੰਗੇ-ਫਸਾਦ ਭੜਕ ਚੁੱਕੇ ਸਨ। ਯੂਨਿਟ ਨੂੰ ਫ਼ਿਰਕੂ-ਫ਼ਸਾਦ ਨੂੰ ਬਚਾਉਣ ਲਈ ਸ਼ਾਂਤੀ ਪ੍ਰਕਾਸ਼ ਤੇ ਕਰੁਣੇਸ਼ ਨੇ ਫ਼ਿਲਮ ਦੀ ਬਾਕੀ ਸ਼ੂਟਿੰਗ ਕਲਕੱਤੇ ਮੁਕੰਮਲ ਕੀਤੀ। ਫਿਰ ਇਹ ਫ਼ਿਲਮ ਸੈਂਸਰ ਬੋਰਡ ’ਚ ਅਟਕ ਗਈ ਅਤੇ ਬਾਅਦ ’ਚ ‘ਡਾ. ਰਮੇਸ਼’ (1949) ਦੇ ਨਾਮ ਨਾਲ ਦੇਵ ਦਰਸ਼ਨ ਫ਼ਿਲਮਜ਼, ਕਲਕੱਤਾ ਦੇ ਬੈਨਰ ਹੇਠ ਨੁਮਾਇਸ਼ ਹੋਈ।
1947 ਵਿਚ ਪੰਜਾਬ ਵੰਡ ਨੇ ਪੰਜਾਬੀ ਫ਼ਿਲਮ ਸਨਅਤ ਨੂੰ ਤਬਾਹ ਤੇ ਬਰਬਾਦ ਕਰ ਦਿੱਤਾ। ਲਿਹਾਜ਼ਾ ਲਾਹੌਰ ਰਹਿੰਦੇ ਫ਼ਿਲਮਸਾਜ਼, ਹਿਦਾਇਤਕਾਰ, ਅਦਾਕਾਰ, ਗੁਲੂਕਾਰ ਭਾਰਤ ਦੇ ਵੱਖ-ਵੱਖ ਕੋਨਿਆਂ ਵਿਚ ਜਾ ਵੱਸੇ। ਹਿਦਾਇਤਕਾਰ ਸ਼ਾਂਤੀ ਪ੍ਰਕਾਸ਼ ਬਖ਼ਸ਼ੀ ਵੀ ਪਹਿਲਾਂ ਕਲਕੱਤਾ ਤੇ ਫਿਰ ਬੰਬੇ ਜਾ ਵੱਸਿਆ। ਬੰਬੇ ਇਨ੍ਹਾਂ ਦਾ ਰਾਬਤਾ ਐੱਨ. ਐੱਸ. ਕਵਾਤੜਾ (ਭਰਾ ਸਰਦੂਲ ਕਵਾਤੜਾ) ਨਾਲ ਹੋਇਆ ਜੋ ਲਾਹੌਰ ਤੋਂ ਹੀ ਬਖ਼ਸ਼ੀ ਦੇ ਜਾਣਕਾਰ ਸਨ। ਜਦੋਂ ਐੱਨ. ਐੱਸ. ਕਵਾਤੜਾ ਤੇ ਉਨ੍ਹਾਂ ਦੀ ਪਤਨੀ ਮਲਿਕਾ ਕਵਾਤੜਾ ਨੇ ਆਪਣੇ ਫ਼ਿਲਮਸਾਜ਼ ਅਦਾਰੇ ਦੀ ਪੰਜਾਬੀ ਫ਼ਿਲਮ ‘ਕੌਡੇ ਸ਼ਾਹ’ (1953) ਸ਼ੁਰੂ ਕੀਤੀ ਤਾਂ ਇਸ ਦੀ ਹਿਦਾਇਤਕਾਰੀ ਦਾ ਕੰਮ ਉਨ੍ਹਾਂ ਨੇ ਐੱਸ. ਪੀ. ਬਖ਼ਸ਼ੀ ਨੂੰ ਸੌਂਪਿਆ। ਉਨ੍ਹਾਂ ਦੀ ਹਿਦਾਇਤ ਵਿਚ ਅਦਾਕਾਰ ਦਲਜੀਤ ਉਰਫ਼ ਜੋਗਿੰਦਰ ਪੁਰੀ (ਪਹਿਲੀ ਫ਼ਿਲਮ) ਦੇ ਸਨਮੁੱਖ ਸ਼ਿਆਮਾ ਜੋੜੀਦਾਰ ਸਨ ਜਦੋਂਕਿ ਦੂਜੀ ਅਦਾਕਾਰਾ ਵਜੋਂ ਮਿਸ ਮੰਜੂ ਮੌਜੂਦ ਸੀ। ਮੰਜ਼ਰਨਾਮਾ ਤੇ ਮੁਕਾਲਮੇ ਐੱਸ. ਪੀ. ਬਖ਼ਸ਼ੀ, ਗੀਤ ਵਰਮਾ ਮਲਿਕ ਅਤੇ ਸੰਗੀਤਕ ਤਰਜ਼ਾਂ ਸਰਦੂਲ ਕਵਾਤੜਾ ਨੇ ਮੁਰੱਤਿਬ ਕੀਤੀਆਂ। 3 ਜੁਲਾਈ 1953 ਨੂੰ ਹਰੀ ਪੈਲੇਸ, ਜਲੰਧਰ ਵਿਖੇ ਨੁਮਾਇਸ਼ ਹੋਈ ਇਸ ਫ਼ਿਲਮ ਦੇ ਗੀਤਾਂ ਨੇ ਹੱਦ ਦਰਜਾ ਮਕਬੂਲੀਅਤ ਹਾਸਲ ਕੀਤੀ। ਪੀ. ਐੱਸ. ਪਿਕਚਰਜ਼, ਬੰਬੇ ਦੀ ਪੰਜਾਬੀ ਫ਼ਿਲਮ ‘ਅਸ਼ਟੱਲੀ’ (1954) ’ਚ ਐੱਸ. ਪੀ. ਬਖ਼ਸ਼ੀ ਨੇ ਆਪਣੀ ਹਿਦਾਇਤ ਵਿਚ ਅਦਾਕਾਰਾ ਬੇਗ਼ਮ ਪਾਰਾ, ਅਮਰਨਾਥ ਰਣਧੀਰ, ਮਦਨ ਪੁਰੀ, ਕੁਲਦੀਪ ਕੌਰ, ਖ਼ਰੈਤੀ, ਮਜਨੂੰ ਆਦਿ ਤੋਂ ਵਧੀਆ ਕੰਮ ਕਰਵਾਇਆ। ਐੱਚ. ਐੱਸ. ਕਵਾਤੜਾ ਦੇ ਫ਼ਿਲਮਸਾਜ਼ ਅਦਾਰੇ ਕਵਾਤੜਾ ਪਿਕਚਰਜ਼, ਬੰਬੇ ਦੀ ਰੁਮਾਨੀ ਪੰਜਾਬੀ ਫ਼ਿਲਮ ‘ਹੀਰ ਸਿਆਲ’ (1960) ਵੀ ਸ਼ਾਂਤੀ ਪ੍ਰਕਾਸ਼ ਬਖ਼ਸ਼ੀ ਦੀ ਹਿਦਾਇਤਕਾਰੀ ਵਿਚ ਬਣਨ ਵਾਲੀ ਕਾਮਯਾਬ ਫ਼ਿਲਮ ਸੀ। ਫ਼ਿਲਮ ’ਚ ਬਖ਼ਸ਼ੀ ਨੇ ਅਦਾਕਾਰਾ ਨੈਣਾ, ਅਮਰਨਾਥ, ਇੰਦਰਾ ਬਿੱਲੀ, ਪੰਛੀ, ਨਾਗਪਾਲ, ਸ਼ਕੀਲਾ ਬਾਨੋ ਭੋਪਾਲੀ ਤੋਂ ਬਿਹਤਰੀਨ ਅਦਾਕਾਰੀ ਕਰਵਾਈ। ਸੰਗੀਤ ਸਰਦੂਲ ਕਵਾਤੜਾ, ਗੀਤ ਮਨੋਹਰ ਸਿੰਘ ਸਹਿਰਾਈ (5 ਗੀਤ) ਅਤੇ ਵਰਮਾ ਮਲਿਕ (3 ਗੀਤ) ਦੇ ਸਨ। ਫ਼ਿਲਮ ’ਚ ਮੁਬਾਰਕ ਬੇਗ਼ਮ ਦਾ ‘ਤੁਰ ਗਈਆਂ ਬੇੜੀਆਂ ਤੇ ਲੰਘ ਗਏ ਨੇ ਪੂਰ ਓਏ’ ਗੀਤ ਵੀ ਬੇਹੱਦ ਮਕਬੂਲ ਹੋਇਆ। 27 ਮਈ 1960 ਨੂੰ ਸ਼ਿਮਲਾ ਟਾਕੀਜ਼, ਫ਼ਿਰੋਜ਼ਪੁਰ ਵਿਖੇ ਰਿਲੀਜ਼ਸ਼ੁਦਾ ਇਹ ਫ਼ਿਲਮ ਵੀ ਪਸੰਦ ਕੀਤੀ ਗਈ। ਪਿਓਨੀ ਆਰਟਸ ਪ੍ਰੋਡਕਸ਼ਨਜ਼, ਬੰਬੇ ਦੀ ਪੰਜਾਬੀ ਫ਼ਿਲਮ ‘ਪਰਦੇਸੀ ਢੋਲਾ’ (1962) ਵਿਚ ਐੱਸ. ਪੀ. ਬਖ਼ਸ਼ੀ ਦੀ ਹਿਦਾਇਤਕਾਰੀ ਵਿਚ ਇੰਦਰਾ ਬਿੱਲੀ ਤੇ ਰਵਿੰਦਰ ਕਪੂਰ ਦੀ ਜੋੜੀ ਤੋਂ ਇਲਾਵਾ ਬੀ. ਐੱਮ. ਵਿਆਸ, ਚਾਂਦ ਬਰਕ, ਚਮਨਪੁਰੀ, ਵਜ਼ੀਰ ਮੁਹੰਮਦ ਖ਼ਾਨ, ਜੀਵਨ, ਖ਼ਰੈਤੀ ਭੈਂਗਾ ਆਦਿ ਨੇ ਸ਼ਾਨਦਾਰ ਕੰਮ ਕੀਤਾ। ਫ਼ਿਲਮ ਦਾ ਪੁਰਅਸਰ ਸੰਗੀਤ ਐੱਸ. ਮੋਹਿੰਦਰ, ਗੀਤ ਵਰਮਾ ਮਲਿਕ, ਆਨੰਦ ਬਖ਼ਸ਼ੀ ਅਤੇ ਕਹਾਣੀ ਐੱਸ. ਪੀ. ਬਖ਼ਸ਼ੀ ਨੇ ਲਿਖੀ। ਫ਼ਿਲਮੀਸਤਾਨ (ਪ੍ਰ.) ਲਿਮਟਿਡ, ਬੰਬੇ ਦੀ ਪਹਿਲੀ ਈਸਟਮੈਨ ਕਲਰ ਪੰਜਾਬੀ ਫ਼ਿਲਮ ‘ਸੱਸੀ ਪੁਨੂੰ’ (1965) ਦੀ ਕਹਾਣੀ ਤੇ ਹਿਦਾਇਤਕਾਰੀ ਦੇ ਫ਼ਰਜ਼ ਵੀ ਐੱਸ. ਪੀ. ਬਖ਼ਸ਼ੀ ਨੇ ਨਿਭਾਏ। ਫ਼ਿਲਮ ਵਿਚ ‘ਸੱਸੀ’ ਦਾ ਪਾਰਟ ਇੰਦਰਾ ਬਿੱਲੀ ਤੇ ‘ਪੁਨੂੰ’ ਦਾ ਕਿਰਦਾਰ ਰਵਿੰਦਰ ਕਪੂਰ ਨੇ ਅਦਾ ਕੀਤਾ। ਇਸ ਫ਼ਿਲਮ ਨੂੰ 1965 ਵਿਚ ਬਿਹਤਰੀਨ ਪੰਜਾਬੀ ਫ਼ਿਲਮ ਦਾ ਨੈਸ਼ਨਲ ਐਵਾਰਡ ਅਤੇ ਹਿਦਾਇਤਕਾਰ ਐੱਸ. ਪੀ. ਬਖ਼ਸ਼ੀ ਨੂੰ ਸਰਟੀਫਿਕੇਟ ਆਫ ਮੈਰਿਟ ਨਾਲ ਸਰਫ਼ਰਾਜ਼ ਕੀਤਾ ਗਿਆ। ਈਗਲ ਫ਼ਿਲਮਜ਼, ਬੰਬੇ ਦੀ ਏ. ਸਾਲਮ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਚੜ੍ਹੀ ਜਵਾਨੀ ਬੁੱਢੇ ਨੂੰ’ (1976) ਦੇ ਮੁਕਾਲਮੇ ਤੇ 5 ਗੀਤ ਐੱਸ. ਪੀ. ਬਖ਼ਸ਼ੀ ਨੇ ਲਿਖੇ, ਜਿਨ੍ਹਾਂ ਦਾ ਸੰਗੀਤ ਰਵਿੰਦਰ ਜੈਨ ਨੇ ਤਰਤੀਬ ਕੀਤਾ ਸੀ। ਕਪੂਰ ਫ਼ਿਲਮਜ਼ ਇੰਟਰਨੈਸ਼ਨਲ, ਬੰਬੇ ਦੀ ਜਗਦੀਸ਼ ਨਰੂਲਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਪ੍ਰੇਮੀ ਗੰਗਾਰਾਮ’ (1977) ਜੋ ਹਿੰਦੀ ਵਿਚ ਵੀ ਇਸੇ ਸਿਰਲੇਖ ਹੇਠ 1978 ਵਿਚ ਡੱਬ ਹੋਈ ਸੀ, ਦੀ ਕਹਾਣੀ ਵੀ ਐੱਸ. ਪੀ. ਬਖ਼ਸ਼ੀ ਨੇ ਲਿਖੀ ਸੀ। ਐੱਸ. ਪੀ. ਬਖ਼ਸ਼ੀ ਦੀ ਹਿਦਾਇਤਕਾਰੀ ’ਚ ਬਣੀ ਆਖ਼ਰੀ ਪੰਜਾਬੀ ਫ਼ਿਲਮ ਐੱਮ. ਡੀ. ਫ਼ਿਲਮਜ਼, ਬੰਬੇ ਦੀ ‘ਮੁੰਡਾ ਨਰਮ ਤੇ ਕੁੜੀ ਗਰਮ’ (1986) ਸੀ। ਫ਼ਿਲਮ ਦੀ ਕਹਾਣੀ ਤੇ ਗੀਤ (6) ਐੱਸ. ਪੀ. ਬਖ਼ਸ਼ੀ ਅਤੇ ਸੰਗੀਤ ਸਪਨ-ਜਗਮੋਹਨ ਨੇ ਮੁਰੱਤਿਬ ਕੀਤਾ। ਫ਼ਿਲਮ ਵਿਚ ਸਤੀਸ਼ ਕੌਲ, ਰਣਜੀਤਾ ਕੌਰ, ਸੁਜਾਤਾ, ਮਿਹਰ ਮਿੱਤਲ ਆਦਿ ਨੇ ਇਨ੍ਹਾਂ ਦੀ ਨਿਰਦੇਸ਼ਨਾ ਵਿਚ ਕੰਮ ਕੀਤਾ।
ਕਵਾਤੜਾ ਫ਼ਿਲਮਜ਼, ਬੰਬੇ ਦੀ ਐੱਚ. ਐੱਸ. ਕਵਾਤੜਾ ਨਿਰਦੇਸ਼ਿਤ ਹਿੰਦੀ ਫ਼ਿਲਮ ‘ਪਿਲਪਿਲੀ ਸਾਹਬ’ (1954) ਦੀ ਕਹਾਣੀ ਤੇ ਮੁਕਾਲਮੇ ਐੱਸ. ਪੀ. ਬਖ਼ਸ਼ੀ ਨੇ ਲਿਖੇ। ਕਵਾਤੜਾ ਪ੍ਰੋਡਕਸ਼ਨਜ਼ ਦੀ ਹਿੰਦੀ ਫ਼ਿਲਮ ‘ਤੀਸ ਮਾਰ ਖ਼ਾਨ’ (1955) ਦੀ ਕਹਾਣੀ ਵੀ ਬਖ਼ਸ਼ੀ ਨੇ ਹੀ ਲਿਖੀ। ਪੀ. ਐੱਸ. ਪਿਕਚਰਜ਼, ਬੰਬੇ ਦੀ ਫ਼ਿਲਮ ‘ਮਿਸਟਰ ਚਕਰਮ’ (1956) ’ਚ ਬਖ਼ਸ਼ੀ ਦੀ ਹਿਦਾਇਤਕਾਰੀ ਵਿਚ ਸ਼ਿਆਮਾ, ਸੱਜਣ, ਰੂਪਮਾਲਾ, ਸੁੰਦਰ ਆਦਿ ਨੇ ਅਦਾਕਾਰੀ ਕੀਤੀ। ਸਰਦਾਰ ਪਿਕਚਰਜ਼, ਬੰਬੇ ਦੀ ਐੱਸ. ਪੀ. ਬਖ਼ਸ਼ੀ ਨਿਰਦੇਸ਼ਿਤ ਫ਼ਿਲਮ ‘ਪਾਤਾਲ ਪਰੀ’ (1957) ’ਚ ਸ਼ਕੀਲਾ, ਜਯਰਾਜ ਨੇ ਇਨ੍ਹਾਂ ਦੀ ਹਿਦਾਇਤ ’ਚ ਮਰਕਜ਼ੀ ਕਿਰਦਾਰ ਅਦਾ ਕੀਤੇ। ਫ਼ਿਲਮੀਸਤਾਨ ਲਿਮਟਿਡ, ਬੰਬੇ ਦੀ ਐੱਸ. ਪੀ. ਬਖ਼ਸ਼ੀ ਨਿਰਦੇਸ਼ਿਤ ਫ਼ਿਲਮ ‘ਸੁਨ ਤੋ ਲੇ ਹਸੀਨਾ’ (1958) ਵਿਚ ਸ਼ਸ਼ੀਕਲਾ, ਰਵਿੰਦਰ ਕਪੂਰ, ਆਗਾ, ਮਜਨੂੰ ਆਦਿ ਨੇ ਉਨ੍ਹਾਂ ਦੀ ਹਿਦਾਇਤ ਵਿਚ ਸ਼ਾਨਦਾਰ ਕੰਮ ਕੀਤਾ। ਇਸ ਤੋਂ ਇਲਾਵਾ ਐੱਸ. ਪੀ. ਬਖ਼ਸ਼ੀ ਨੇ ਫ਼ਿਲਮ ‘ਸੋਨੇ ਕੇ ਹਾਥ’ (1973) ਦੇ ਮੁਕਾਲਮੇ, ‘ਰੌਕੀ ਮੇਰਾ ਨਾਮ’ (1973) ਦੀ ਕਹਾਣੀ, ‘ਸਲਾਖੇਂ’ (1975) ਦਾ ਮੰਜ਼ਰਨਾਮਾ, ‘ਗਰਮ ਖ਼ੂਨ’, ‘ਅਲੀ ਬਾਬਾ ਔਰ 40 ਚੋਰ’ (1980) ਦੇ ਮੁਕਲਾਮੇ ਤੇ ਮੰਜ਼ਰਨਾਮਾ, ‘ਸਰਦਾਰ’ (1983) ਦੇ ਮੁਕਲਾਮੇ ਤੇ ਮੰਜ਼ਰਨਾਮਾ ਵੀ ਲਿਖਿਆ। ਇਹ ਫ਼ਿਲਮ ਉਨ੍ਹਾਂ ਦੇ ਫ਼ਿਲਮ ਸਫ਼ਰ ਦੀ ਆਖ਼ਰੀ ਫ਼ਿਲਮ ਕਰਾਰ ਪਾਈ।
1988 ਵਿਚ 63 ਸਾਲਾਂ ਦੀ ਉਮਰ ਵਿਚ ਐੱਸ. ਪੀ. ਬਖ਼ਸ਼ੀ ਬੰਬੇ ਵਿਖੇ ਇੰਤਕਾਲ ਕਰ ਗਏ। ਉਨ੍ਹਾਂ ਦੀ ਵਫ਼ਾਤ ਦੇ ਬਾਅਦ ਉਨ੍ਹਾਂ ਦੀਆਂ 2 ਹਿੰਦੀ ਫ਼ਿਲਮਾਂ ਨੁਮਾਇਸ਼ ਹੋਈਆਂ, ਜਿਨ੍ਹਾਂ ਵਿਚ ਉਨ੍ਹਾਂ ਫ਼ਿਲਮ ‘ਸੋਹਣੀ ਮਹੀਵਾਲ’ (1984) ਦੀ ਕਹਾਣੀ ਤੇ ਮੰਜ਼ਰਨਾਮਾ ਅਤੇ ਫ਼ਿਲਮ ‘ਪੱਕਾ ਬਦਮਾਸ਼’ (1991) ਦਾ ਮੰਜ਼ਰਨਾਮਾ ਲਿਖਿਆ ਸੀ। ਕਾਫ਼ੀ ਤਹਿਕੀਕ ਕਰਨ ਤੋਂ ਬਾਅਦ ਵੀ ਉਨ੍ਹਾਂ ਦੇ ਪਰਿਵਾਰ ਦੀ ਕੋਈ ਮਾਲੂਮਾਤ ਨਹੀਂ ਮਿਲ ਸਕੀ।
ਸੰਪਰਕ: 97805-09545