ਪੱਤਰ ਪ੍ਰੇਰਕ
ਗਿੱਦੜਬਾਹਾ, 2 ਜੁਲਾਈ
ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤੇਲ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਦੇ ਰੋਸ ਵਜੋਂ ਸਥਾਨਕ ਪੱਕਾ ਤਲਾਬ ਕੋਲ ਧਰਨਾ ਲਗਾਇਆ ਗਿਆ ਅਤੇ ਮੋਦੀ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ।
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਰਾਜਵਿੰਦਰ ਕੌਰ ਭਾਗੀਕੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਦੀ ਅਗਵਾਈ ਹੇਠ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਹੋਏ ਵਾਧੇ ਦੇ ਖਿਲਾਫ ਕੇਂਦਰ ਸਰਕਾਰ ਵਿਰੁੱਧ ਜਵਾਹਰ ਸਿੰਘ ਵਾਲਾ ਵਿਖੇ ਰੋਸ ਧਰਨਾ ਦਿੱਤਾ ਗਿਆ।
ਕੋਟਕਪੂਰਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਨਵਾਂ ਬੱਸ ਸਟੈਂਡ ਦੇ ਸਾਹਮਣੇ ਸਥਿਤ ਪੈਟਰੋਲ ਪੰਪ ’ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੈਪਾਲ ਸਿੰਘ ਸੰਧੂ ਵੱਲੋਂ ਆਪਣੇ ਸਮਰਥਕਾਂ ਨਾਲ ਧਰਨਾ ਦਿੱਤਾ ਗਿਆ। ਇਸ ਮੌਕੇ ਪ੍ਰਦਸ਼ਨਕਾਰੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਭਗਤਾ ਭਾਈ (ਪੱਤਰ ਪ੍ਰੇਰਕ): ਕੇਂਦਰ ਸਰਕਾਰ ਵੱਲੋਂ ਪੈਟਰੋਲ-ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਕੀਤੇ ਜਾ ਰਹੇ ਵਾਧੇ ਖਿਲਾਫ਼ ਕਾਂਗਰਸ ਪਾਰਟੀ ਵੱਲੋਂ ਕਸਬਾ ਭਗਤਾ ਭਾਈ ਦੇ ਮੁੱਖ ਚੌਕ ਵਿੱਚ ਧਰਨਾ ਲਗਾ ਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਮੈਂਬਰ ਜਸਵੀਰ ਸਿੰਘ ਫੌਜੀ, ਸਰਪੰਚ ਇੰਦਰਜੀਤ ਸਿੰਘ ਭੋਡੀਪੁਰਾ ਹਾਜ਼ਰ ਸਨ।
ਤਲਵੰਡੀ ਸਾਬੋ (ਪੱਤਰ ਪ੍ਰੇਰਕ): ਮਹਿੰਗਾਈ ਖ਼ਿਲਾਫ਼ ਅੱਜ ਹਲਕਾ ਤਲਵੰਡੀ ਸਾਬੋ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਹਲਕਾ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਦੀ ਅਗਵਾਈ ਵਿੱਚ ਸਥਾਨਕ ਖੰਡਾ ਚੌਕ ਵਿੱਚ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ।
ਸ਼ਹਿਣਾ (ਪੱਤਰ ਪ੍ਰੇਰਕ): ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਜਾ ਰਹੇ ਵਾਧੇ ਨੂੰ ਲੈ ਕੇ ਕਾਂਗਰਸੀਆਂ ਵੱਲੋਂ ਇੱਥੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਮੈਂਬਰ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ, ਹਰਦੇਵ ਸਿੰਘ ਗਿੱਲ, ਅਸ਼ੋਕ ਕੁਮਾਰ ਭਗਰੀਆ, ਮਨੋਜ ਸਿੰਗਲਾ ਹਾਜ਼ਰ ਸਨ।
ਅਬੋਹਰ (ਪੱਤਰ ਪ੍ਰੇਰਕ): ਸਥਾਨਕ ਕਾਂਗਰਸ ਮੁੱਖੀ ਸੰਦੀਪ ਜਾਖੜ ਦੀ ਅਗਵਾਈ ਹੇਠ ਅੱਜ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਵੱਧ ਰਹੀ ਮਹਿੰਗਾਈ ਖਿਲਾਫ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਹਿਰੂ ਪਾਰਕ ਅੱਗੇ ਰੋਸ ਵਿਖਾਵਾ ਕਰਦੇ ਹੋਏ ਨਾਅਰੇਬਾਜ਼ੀ ਕੀਤੀ।
ਮਹਿਲ ਕਲਾਂ (ਪੱਤਰ ਪ੍ਰੇਰਕ): ਤੇਲ ਕੀਮਤਾਂ ‘ਚ ਆਏ ਦਿਨ ਹੋ ਰਹੇ ਵਾਧੇ ਖਿਲਾਫ ਕਾਂਗਰਸ ਪਾਰਟੀ ਵੱਲੋਂ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਦੀ ਅਗਵਾਈ ਹੇਠ ਇੱਥੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।
ਭਦੌੜ (ਪੱਤਰ ਪ੍ਰੇਰਕ): ਕਾਂਗਰਸੀ ਆਗੂਆਂ ਨੇ ਇੱਥੇ ਬਾਜਾਖਾਨਾ ਰੋਡ ਸਥਿਤ ਪੈਟਰੋਲ ਪੰਪ ਅੱਗੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਨੇ ਇਸ ਮੌਕੇ ਸੰਬੋਧਨ ਕੀਤਾ।
ਧਰਨਿਆਂ ’ਚ ਕਾਂਗਰਸਆਂ ਦੀ ਅੰਦਰੂਨੀ ਫੁੱਟ ਜੱਗ ਜ਼ਾਹਿਰ
ਕੋਟਕਪੂਰਾ (ਟਨਸ): ਮਹਿੰਗਾਈ ਦੇ ਮੁੱਦੇ ਦੇ ਰੋਸ ਪ੍ਰਦਸ਼ਰਨ ਕਰਨ ਮੌਕੇ ਕਾਂਗਰਸ ਪਾਰਟੀ ਆਪਸੀ ਧੜੇਬੰਦੀ ਵਿਚ ਵੰਡੀ ਹੋਈ ਸਾਫ਼ ਵਿਖਾਈ ਦਿੱਤੀ। ਕਾਂਗਰਸ ਇਥੇ ਦੋ ਧੜਿਆਂ ਵਿਚ ਵੰਡੀ ਹੋਈ ਵਿਖਾਈ ਦੇ ਰਹੀ ਹੈ। ਇਕ ਧੜੇ ਦੀ ਕਮਾਨ ਜ਼ਿਲ੍ਹਾ ਪ੍ਰਧਾਨ ਅਜੈਪਾਲ ਸੰਧੂ ਦੇ ਹੱਥ ਹੈ ਤੇ ਦੂਜੇ ਧੜੇ ਦੀ ਕਮਾਨ ਭਾਈ ਰਾਹੁਲ ਸਿੰਘ ਸਿੱਧੂ ਨੇ ਸੰਭਾਲ ਰੱਖੀ ਹੈ। ਰਾਹੁਲ ਸਿੱਧੂ ਇਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਣ ਕਰਕੇ ਪੀਜੀਆਈ ਵਿਚ ਆਪਣਾ ਇਲਾਜ ਕਰਵਾ ਹਨ। ਉਨ੍ਹਾਂ ਦੀ ਗ਼ੈਰ-ਮੌਜੂਦਗੀ ਵਿਚ ਸ੍ਰੀ ਸਿੱਧੂ ਪਰਿਵਾਰ ਦੇ ਨਜ਼ਦੀਕੀ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਓਮਕਾਰ ਗੋਇਲ, ਗੁਰਬੀਰ ਸੰਧੂ, ਘਨਸ਼ਾਮ ਦਾਸ ਗੁਪਤਾ,ਸਵਤੰਤਰ ਜੋਸ਼ੀ ਨੇ ਸੰਭਾਲੀ ਹੋਈ ਹੈ। ਉਧਰ ਜ਼ਿਲ੍ਹਾ ਪ੍ਰਧਾਨ ਅਜੈਪਾਲ ਸੰਧੂ ਨੇ ਧੜੇਬੰਦੀ ਹੋਣ ਤੋਂ ਸਪੱਸ਼ਟ ਇਨਕਾਰ ਕਰਦਿਆਂ ਕਿਹਾ ਕਿ ਹਾਈ ਕਮਾਨ ਦੁਆਰਾ ਲਾਈ ਗਈ ਜਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾ ਰਹੇ ਹਨ।