ਪਾਲ ਸਿੰਘ ਨੌਲੀ
ਜਲੰਧਰ, 2 ਜੁਲਾਈ
ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਡਾ. ਜਸਲੀਨ ਸੇਠੀ ਦੀ ਅਗਵਾਈ ਵਿਚ ਪੈਟਰੋਲ, ਡੀਜ਼ਲ ਤੇ ਗੈਸ ਸਿਲੰਡਰਾਂ ਦੀਆਂ ਵਧ ਰਹੀਆਂ ਕੀਮਤਾਂ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ ਕੀਤਾ। ਬੀਐੱਮਸੀ ਚੌਂਕ ਤੋਂ ਲੈ ਕੇ ਡੀਸੀ ਦਫਤਰ ਤੱਕ ਕੀਤੇ ਗਏ ਰੋਸ ਮਾਰਚ ਦੌਰਾਨ ਡਾ. ਜਸਲੀਨ ਸੇਠੀ ਨੇ ਰਿਕਸ਼ਾ ਚਲਾ ਕੇ ਮੋਦੀ ਸਰਕਾਰ ਵਿਰੁੱਧ ਵਿਖਾਵਾ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਵਿਚ ਹੀ ਪੈਟਰੋਲ ਦੀ ਕੀਮਤ 100 ਤੋਂ ਪਾਰ ਹੋ ਗਈ ਹੈ ਤੇ ਡੀਜ਼ਲ ਵੀ ਇਸ ਦੇ ਨੇੜੇ-ਤੇੜੇ ਪਹੁੰਚ ਗਿਆ ਹੈ। ਇਸ ਮੌਕੇ ਯੂਥ ਕਾਂਗਰਸ ਦੇ ਪ੍ਰਧਾਨ ਅੰਗਦ ਦੱਤਾ, ਜ਼ਿਲ੍ਹਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਬਲਦੇਵ ਸਿੰਘ ਦੇਵ, ਮਹਿੰਦਰ ਕੌਰ, ਆਸ਼ਾ, ਅਨੂ ਗੁਪਤਾ, ਨਵਪ੍ਰੀਆ, ਸਮੇਤ ਹੋਰ ਔਰਤਾਂ ਤੇ ਕਾਂਗਰਸੀ ਵਰਕਰ ਵੱਡੀ ਗਿਣਤੀ ’ਚ ਸ਼ਾਮਲ ਸਨ।
ਪਠਾਨਕੋਟ,(ਐੱਨਪੀ ਧਵਨ): ਅੱਜ ਪਿੰਡ ਬੁੰਗਲ ਵਿੱਚ ਕਾਂਗਰਸ ਦੇ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਦੀ ਅਗਵਾਈ ਵਿੱਚ ਮਹਿੰਗਾਈ ਖਿਲਾਫ ਮੋਦੀ ਸਰਕਾਰ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿੱਚ ਸਰਪੰਚ ਸੰਦੀਪ ਕੌਰ, ਅੰਗਰੇਜ ਸਿੰਘ, ਕੈਪਟਨ ਡੀਐਸ ਪਠਾਨੀਆ, ਸੰਜੀਵ ਠਾਕੁਰ, ਰਾਜੇਸ਼ ਕੁਮਾਰ, ਬਲਬੀਰ ਸਿੰਘ, ਆਦਿ ਸ਼ਾਮਲ ਹੋਏ।
ਗੁਰਦਾਸਪੁਰ(ਜਤਿੰਦਰ ਬੈਂਸ): ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ‘ਚ ਵਾਧੇ ਖਿਲਾਫ਼ ਕਾਂਗਰਸੀਆਂ ਵੱਲੋਂ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਤੇ ਲੇਬਰਸੈੱਲ ਦੇ ਚੇਅਰਮੈਨ ਗੁਰਮੀਤ ਸਿੰਘ ਪਾਹੜਾ ਦੀ ਅਗਵਾਈ ਹੇਠ ਸਥਾਨਕ ਤਿੱਬੜੀ ਚੌਕ ਵਿਖੇ ਕੇਂਦਰ ਦੀ ਮੋਦੀ ਸਰਕਾਰ ਰੋਸ ਮੁਜ਼ਾਹਰਾ ਕਰਕੇ ਪੁਤਲਾ ਫੂਕਿਆ।
ਹੁਸ਼ਿਆਰਪੁਰ(ਹਰਪ੍ਰੀਤ ਕੌਰ): ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੀਤੇ ਭਾਰੀ ਵਾਧੇ ਧਰਨਾ ਦਿੱਤਾ ਗਿਆ। ਧਰਨੇ ਨੂੰ ਬੀ.ਸੀ ਕਮਿਸ਼ਨ ਦੇ ਚੇਅਰਮੈਨ ਸਰਵਣ ਸਿੰਘ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਕੇਸ਼ ਮਰਵਾਹਾ, ਮੇਅਰ ਸੁਰਿੰਦਰ ਕੁਮਾਰ, ਸੀਨੀਅਡ ਡਿਪਟੀ ਮੇਅਰ ਪ੍ਰਵੀਨ ਸੈਣੀ ਅਤੇ ਐਡਵੋਕੇਟ ਨਵੀਨ ਜੈਰਥ ਨੇ ਸੰਬੋਧਨ ਕੀਤਾ।
ਐੱਨਐੱਸਯੂਆਈ ਵਲੋਂ ਕੇਂਦਰ ਸਰਕਾਰ ਖਿਲਾਫ਼ ਰੋਸ ਵਿਖਾਵਾ
ਅੰਮ੍ਰਿਤਸਰ, (ਜਗਤਾਰ ਸਿੰਘ ਲਾਂਬਾ): ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਭਾਰੀ ਵਾਧੇ ਦੇ ਖਿਲਾਫ਼ ਅੱਜ ਇੱਥੇ ਵਿਦਿਆਰਥੀ ਜਥੇਬੰਦੀ ਐੱਨਐੱਸਯੂਆਈ ਵੱਲੋਂ ਪ੍ਰਧਾਨ ਅਕਸ਼ੈ ਸ਼ਰਮਾ ਦੀ ਅਗਵਾਈ ਹੇਠ ਨਾਵਲਟੀ ਚੌਕ ਵਿਚ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸੰਵੇਦਨਸ਼ੀਲ ਮੁੱਦੇ ਨੂੰ ਨਜ਼ਰਅੰਦਾਜ਼ ਕਰਕੇ ਕੇਂਦਰੀ ਸਰਕਾਰ ਸੁੱਤੀ ਪਈ ਹੈ। ਇਸ ਮੌਕੇ ਇਥੇ ਕੁਝ ਸਮੇਂ ਲਈ ਧਰਨਾ ਵੀ ਦਿਤਾ ਗਿਆ ।