ਫ਼ਲਾਹੀ (Acacia modesta) ਦਾ ਰੁੱਖ ਪੰਜਾਬ ਦੇ ਉਨ੍ਹਾਂ ਵਿਰਾਸਤੀ ਰੁੱਖਾਂ ਵਿਚੋਂ ਇਕ ਹੈ ਜੋ ਕਦੇ ਪਿੰਡਾਂ ਵਿਚ ਆਮ ਨਜ਼ਰ ਆਉਂਦਾ ਸੀ, ਪਰ ਅੱਜਕੱਲ੍ਹ ਦੇ ਵਿਕਾਸ ਦੇ ਨਾਮ ‘ਤੇ ਹੋ ਰਹੇ ਵਿਨਾਸ਼ ਨੇ ਸਾਡੇ ਕੋਲੋਂ ਇਸ ਨੂੰ ਖੋਹ ਲਿਆ ਹੈ। ਕਦੇ ਨਿੰਮ, ਕਿੱਕਰ ਦੀ ਤਰ੍ਹਾਂ ਫ਼ਲਾਹੀ ਦੀ ਦਾਤਣ ਕਰਨ ਦਾ ਰੁਝਾਨ ਆਮ ਹੁੰਦਾ ਸੀ। ਸਿੱਖ ਧਰਮ ਵਿਚ ‘ਫ਼ਲਾਹੀ ਸਾਹਿਬ’ ਦੇ ਨਾਮ ਹੇਠ ਕਈ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ।
ਭਾਰਤੀ ਪੰਜਾਬ ਤੋਂ ਇਲਾਵਾ ਫ਼ਲਾਹੀ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਇਸ ਰੁੱਖ ਦਾ ਮੂਲ ਸਥਾਨ ਮੰਨੇ ਜਾਂਦੇ ਹਨ। ਸਰਦ ਰੁੱਤ ਵਿਚ ਇਹ ਪਤਝੜੀ ਨਜ਼ਰ ਆਉਂਦਾ ਹੈ ਅਤੇ ਮਾਰਚ ਤੋਂ ਅਪਰੈਲ ਮਈ ਦੌਰਾਨ ਛੋਟੇ ਛੋਟੇ ਕਰੀਮ ਸਫ਼ੈਦ ਰੰਗ ਦੇ ਫੁੱਲਾਂ ਨਾਲ ਭਰਦਾ ਹੈ, ਜੋ ਸਮਾਂ ਪਾ ਕੇ ਚਪਟੀਆਂ ਜਿਹੀਆਂ ਫਲੀਆਂ ਵਿਚ ਤਬਦੀਲ ਹੋ ਜਾਂਦੇ ਹਨ। ਰੁੱਖ ਦਾ ਸੱਕ ਖੁਰਦਰਾ ਤੇ ਵਿੰਗ-ਤੜਿੰਗੇ ਕਟਾਵਾਂ ਵਾਲਾ ਹੁੰਦਾ ਹੈ। ਟਾਹਣੀਆਂ ਉੱਪਰ ਗੁਲਾਬ ਦੀ ਤਰ੍ਹਾਂ ਜੋੜਿਆਂ ਵਿਚ ਕੰਡੇ ਵੇਖਣ ਨੂੰ ਮਿਲਦੇ ਹਨ ਜਿਨ੍ਹਾਂ ਕਰਕੇ ਪੁਰਾਤਨ ਸਮਿਆਂ ਵਿਚ ਇਸ ਰੁੱਖ ਤੋਂ ਵਾੜ ਦਾ ਕੰਮ ਲਿਆ ਜਾਂਦਾ ਸੀ। ਫ਼ਲਾਹੀ ਤੋਂ ਮਿਲਣ ਵਾਲੀ ਗੂੰਦ ਨੂੰ ‘ਅੰਮ੍ਰਿਤਸਰੀ ਗਮ’ ਦੇ ਨਾਂ ਨਾਲ ਜਾਣਿਆ ਜਾਂਦਾ ਰਿਹਾ ਹੈ ਤੇ ਲੱਕੜ ਅਨੇਕਾਂ ਤਰੀਕਿਆਂ ਨਾਲ ਵਰਤੀ ਜਾਂਦੀ ਰਹੀ ਹੈ। ਵੈਦਿਕ ਗੁਣਾਂ ਸਦਕਾ ਫ਼ਲਾਹੀ ਨੂੰ ਅਨੇਕਾਂ ਬਿਮਾਰੀਆਂ ਤੋਂ ਬਚਾਅ ਲਈ ਨੁਸਖਿਆਂ ਵਿਚ ਵਰਤਿਆ ਜਾਂਦਾ ਰਿਹਾ ਹੈ। ਫ਼ਲਾਹੀ ਅਨੇਕਾਂ ਸਾਹਿਤਕ ਵੰਨਗੀਆਂ ਵਿਚ ਵੀ ਆਪਣੀ ਹਾਜ਼ਰੀ ਭਰਦੀ ਹੈ:
ਫੁੱਲਾਂ ਦੀ ਫ਼ਲਾਹੀ ਮਾਹੀਆ
ਇਕ ਤੇਰੀ ਜਿੰਦ ਬਦਲੇ
ਜਿੰਦ ਕੰਡਿਆਂ ‘ਤੇ ਪਾਈ ਮਾਹੀਆ।
-ਪੇਸ਼ਕਸ਼: ਡਾ. ਬਲਵਿੰਦਰ ਸਿੰਘ ਲੱਖੇਵਾਲੀ
ਸੰਪਰਕ: 98142-39041