ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 2 ਜੁਲਾਈ
ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਮੂਹ ਡਾਕਟਰਾਂ ਨੇ ਮੈਡੀਕਲ ਟੀਚਰਜ਼ ਐਸੋਸੀਏਸ਼ਨ ਦੀ ਅਗਵਾਈ ਵਿੱਚ ਅੱਜ ਛੇਵੇਂ ਤਨਖਾਹ ਕਮਿਸ਼ਨ ਦੀਆਂ ਰਿਪੋਰਟਾਂ ਨੂੰ ਸਾੜਿਆ ਅਤੇ ਤਿੰਨ ਘੰਟੇ ਹੜਤਾਲ ਰੱਖੀ ਜਿਸ ਕਰਕੇ ਓਪੀਡੀ ਅਤੇ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਅਤੇ ਮਰੀਜ਼ਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ।
ਪਿੰਡ ਅਰਾਈਆਂ ਵਾਲਾ ਤੋਂ ਆਈ ਸਤਵੀਰ ਕੌਰ ਨੇ ਦੱਸਿਆ ਕਿ ਉਸ ਨੂੰ ਮੈਡੀਕਲ ਕਾਲਜ ਤੇ ਹਸਪਤਾਲ ਵਿੱਚੋਂ ਓਪੀਡੀ ਲਈ ਪਰਚੀ ਨਹੀਂ ਮਿਲੀ ਅਤੇ ਨਾ ਹੀ ਡਾਕਟਰਾਂ ਨੇ ਉਸ ਦੇ ਲੜਕੇ ਦਾ ਚੈੱਕਅਪ ਕੀਤਾ ਕਿਉਂਕਿ ਜਦੋਂ ਉਹ ਹਸਪਤਾਲ ਗਏ ਤਾਂ ਉਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਡਾਕਟਰ ਹੜਤਾਲ ’ਤੇ ਹਨ।
ਹਸਪਤਾਲ ਦੇ ਡਾਕਟਰ ਚੰਦਨ ਪ੍ਰੀਤ ਕੌਰ, ਡਾ. ਅਮਰ ਵੀ. ਬੋਪਾਰਾਏ, ਡਾ. ਸੁਧੀਰ ਖਿੱਚੀ ਅਤੇ ਡਾ. ਸੁਰੀਤਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਅੰਦੋਲਨ ਕਰਨ ਲਈ ਮਜਬੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਮਰੀਜ਼ਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਵਚਨਬੱਧ ਹਨ ਪਰ ਪੰਜਾਬ ਸਰਕਾਰ ਨੇ ਜਾਨ ’ਤੇ ਖੇਡ ਕੇ ਲੋਕਾਂ ਦੀ ਸੇਵਾ ਕਰ ਰਹੇ ਡਾਕਟਰਾਂ ਨਾਲ ਬੇਇਨਸਾਫੀ ਕੀਤੀ ਹੈ ਅਤੇ ਤਨਖਾਹ ਕਮਿਸ਼ਨ ਦੇ ਨਾਮ ਤੇ ਡਾਕਟਰਾਂ ਦੇ ਸੇਵਾ ਲਾਭ ਖੋਹੇ ਜਾ ਰਹੇ ਹਨ। ਡਾਕਟਰਾਂ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ ਤੁਰੰਤ ਉਨ੍ਹਾਂ ਦੀਆਂ ਮੰਗਾਂ ਸਵੀਕਾਰ ਨਾ ਕੀਤੀਆਂ ਤਾਂ ਉਹ ਪੰਜਾਬ ਸਰਕਾਰ ਖਿਲਾਫ਼ ਸੂਬੀ ਪੱਧਰੀ ਸੰਘਰਸ਼ ਵਿੱਢ ਦੇਣਗੇ।