ਜਸਵੰਤ ਜੱਸ
ਫ਼ਰੀਦਕੋਟ, 2 ਜੁਲਾਈ
ਪੰਜਾਬ ਵਿੱਚ ਬਿਜਲੀ ਕੱਟਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇੱਥੇ ਪਾਵਰ ਕਾਰਪੋਰੇਸ਼ਨ ਦਫਤਰ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਜਿਸ ਵਿੱਚ ਬਹੁਜਨ ਸਮਾਜ ਪਾਰਟੀ ਨੇ ਵੀ ਸ਼ਮੂਲੀਅਤ ਕੀਤੀ। ਬਿਜਲੀ ਦੇ ਲੰਬੇ ਕੱਟਾਂ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦਿਆਂ ਅਕਾਲੀ ਦਲ ਨੇ ਸ਼ਹਿਰ ਵਿੱਚ ਦੁਕਾਨਦਾਰਾਂ ਨੂੰ ਹੱਥ ਪੱਖੀਆਂ ਵੰਡੀਆਂ। ਯੂਥ ਅਕਾਲੀ ਦਲ ਦੇ ਸੂਬਾਈ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਲੋਕਾਂ ਨੂੰ ਅਤਿ ਦੀ ਗਰਮੀ ਵਿੱਚ ਪੱਖੇ ਚਲਾਉਣ ਲਈ ਵੀ ਬਿਜਲੀ ਨਸੀਬ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋਈ ਹੈ। ਬੰਟੀ ਰੋਮਾਣਾ ਨੇ ਕਿਹਾ ਕਿ ਬਿਜਲੀ ਦੀ ਘਾਟ ਕਾਰਨ ਜਨ-ਜੀਵਨ ਅਤੇ ਕੰਮ-ਕਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ, ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ। ਪਾਵਰ ਕਾਰਪੋਰੇਸ਼ਨ ਦਫ਼ਤਰ ਸਾਹਮਣੇ ਦਿੱਤੇ ਧਰਨੇ ਨੂੰ ਅਕਾਲੀ ਆਗੂ ਸੁਰਜੀਤ ਸਿੰਘ ਸ਼ਤਾਬ, ਸਤੀਸ਼ ਗਰੋਵਰ, ਰਜਿੰਦਰ ਦਾਸ ਰਿੰਕੂ, ਅਮਨ ਵੜਿੰਗ, ਗੁਰਕੰਵਲ ਸਿੰਘ ਸੰਧੂ, ਬਸਪਾ ਆਗੂ ਕੁਲਦੀਪ ਸਿੰਘ ਵੀਰੇਵਾਲਾ, ਗੁਰਬਖ਼ਸ ਸਿੰਘ ਚੌਹਾਨ, ਅਵਤਾਰ ਕ੍ਰਿਸ਼ਨ ਬਵੇਰਵਾਲ ਅਤੇ ਪਿੱਪਲ ਸਿੰਘ ਨੇ ਵੀ ਸੰਬੋਧਨ ਕੀਤਾ।
ਮੋਗਾ (ਨਿੱਜੀ ਪੱਤਰ ਪ੍ਰੇਰਕ): ਅਕਾਲੀ-ਬਸਪਾ ਗੱਠਜੋੜ ਵੱਲੋਂ ਅੱਜ ਗਰਿੱਡਾਂ ਅੱਗੇ ਧਰਨਾ ਲਗਾ ਕੇ ਹਾਕਮ ਧਿਰ ਨੂੰ ਸਿਆਸੀ ਝਟਕਾ ਦਿੱਤਾ ਗਿਆ। ਅਕਾਲੀ ਦਲ ਦੇ ਸੀਨੀਅਰ ਉੱਪ ਪ੍ਰਧਾਨ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ, ਕਾਂਗਰਸ ਸਰਕਾਰ ਖੇਤੀ ਸੈਕਟਰ ਲਈ ਵੀ ਅੱਠ ਘੰਟੇ ਬਿਜਲੀ ਦੇਣ ਵਿੱਚ ਅਸਫਲ ਰਹੀ ਹੈ। ਪਾਵਰਕੌਮ ਸੂਬੇ ’ਚ ਸਪਲਾਈ ਪ੍ਰਣਾਲੀ ਕਾਇਮ ਰੱਖਣ ’ਚ ਬੁਰੀ ਤਰ੍ਹਾਂ ਨਾਕਾਮ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਘਨ ਪੈਣ ਮਗਰੋਂ ਸਪਲਾਈ ਬਹਾਲ ਨਾ ਹੋਣ ’ਤੇ ਕਿਸਾਨ ਗਰਿੱਡਾਂ ਅੱਗੇ ਧਰਨੇ ਲਗਾ ਰਹੇ ਹਨ। ਸੂਬੇ ਨੂੰ ਅਕਾਲੀ ਦਲ ਨੇ ਬਿਜਲੀ ਸਰਪਲੱਸ ਕੀਤਾ ਸੀ, ਉਸ ਸੂਬੇ ਦੇ ਲੋਕ ਅੱਜ ਬਿਜਲੀ ਲਈ ਤਰਸ ਰਹੇ ਹਨ ,ਧਰਨੇ ਲਗਾਉਣ ਲਈ ਮਜਬੂਰ ਹਨ ਜਦਕਿ ਸਰਕਾਰ ਸ਼ਾਹੀ ਦਾਅਵਤਾਂ ਵਿੱਚ ਵਿਅਸਥ ਹੈ। ਇਸ ਮੌਕੇ ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਤੇ ਬਸਪਾ ਸੂਬਾਈ ਜਨਰਲ ਸਕੱਤਰ ਲਾਲ ਸਿੰਘ ਸੁਲਹਾਣੀ ਨੇ ਕਿਹਾ ਕਿ ਸਟਾਫ ਦੀ ਘਾਟ ਹਾਲਾਤ ਨੂੰ ਬਦ ਤੋਂ ਬਦਤਰ ਬਣਾ ਰਹੀ ਹੈ। ਕਾਂਗਰਸ ਘਰ ਘਰ ਨੌਕਰੀ ਦੇ ਵਾਅਦੇ ਕਰ ਰਹੀ ਹ ਪਰ ਪਾਵਰਕੌਮ ਵਰਗੇ ਵਰਗੇ ਵਿਭਾਗ ਤਕਨੀਕੀ ਮਾਮਲਿਆਂ ਲਈ ਲੋੜੀਂਦਾ ਸਟਾਫ ਭਰਤੀ ਕਰਨ ਲਈ ਤਰਲੇ ਕਰ ਰਹੇ ਹਨ।
ਮਾਨਸਾ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ (ਬ) ਅਤੇ ਬਸਪਾ ਦੇ ਵਰਕਰਾਂ ਵੱਲੋਂ ਅਣ-ਐਲਾਨੇ ਬਿਜਲੀ ਕੱਟਾਂ ਨੂੰ ਲੈ ਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੇ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕਰਦਿਆਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪਾਰਟੀ ਦੇ ਹਲਕਾ ਇੰਚਾਰਜ ਜਗਦੀਪ ਸਿੰਘ ਨਕੱਈ ਨੇ ਕਿਹਾ ਕਿ ਬਿਜਲੀ ਕੱਟਾਂ ਨੇ ਅੱਤ ਦੀ ਗਰਮੀ ਝੱਲ ਰਹੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ 2007 ਤੋਂ ਲੈਕੇ 2016 ਤੱਕ ਪੰਜਾਬ ਵਿੱਚ ਕਦੇ ਬਿਜਲੀ ਦੇ ਕੱਟ ਨਹੀਂ ਲੱਗਣ ਦਿੱਤੇ ਤੇ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਨੂੰ ਬਿਜਲੀ ਸਰਪਲੱਸ ਸੂਬਾ ਬਣਾ ਦਿੱਤਾ ਸੀ, ਜੋ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਮਾੜੀਆਂ ਨੀਤੀਆਂ ਕਰਕੇ ਮਾੜੇ ਹਾਲਾਤ ਵਿੱਚੋਂ ਦੀ ਲੰਘ ਰਿਹਾ ਹੈ। ਇਸ ਮੌਕੇ ਪ੍ਰੇਮ ਕੁਮਾਰ ਅਰੋੜਾ, ਗੁਰਮੇਲ ਸਿੰਘ ਫਫੜੇ,ਗੁਰਪ੍ਰੀਤ ਸਿੰਘ ਚਾਹਲ, ਗੁਰਮੇਲ ਸਿੰਘ ਠੇਕੇਦਾਰ, ਰੰਗੀ ਸਿੰਘ ਖਾਰਾ, ਸਿਮਰਜੀਤ ਕੌਰ ਸਿੰਮੀ, ਬਸਪਾ ਆਗੂ ਰਾਜਿੰਦਰ ਭੀਖੀ, ਮਾਸਟਰ ਗੁਰਜੰਟ ਸਿੰਘ, ਭੁਪਿੰਦਰ ਸਿੰਘ, ਗੁਰਜੀਤ ਸਿੰਘ, ਜਰਨੈਲ ਸਿੰਘ ਹੋਡਲਾ, ਤਰਸੇਮ ਚੰਦ ਮਿੱਢਾ, ਬਲਜੀਤ ਸਿੰਘ ਅਤਲਾ ਅਤੇ ਭੋਲਾ ਕੋਟਲੀ ਨੇ ਵੀ ਸੰਬੋਧਨ ਕੀਤਾ।