ਚਰਨਜੀਤ ਭੁੱਲਰ
ਚੰਡੀਗੜ੍ਹ, 2 ਜੁਲਾਈ
ਛੇਵੇਂ ਵਿਸ਼ਵ ਕਬੱਡੀ ਕੱਪ ਦੀ ਪ੍ਰਾਹੁਣਚਾਰੀ ਨੇ ਹੋਟਲ ਮਾਲਕਾਂ ਨੂੰ ਨਾਨੀ ਚੇਤੇ ਕਰਾ ਦਿੱਤੀ ਹੈ। ਪੌਣੇ ਪੰਜ ਵਰ੍ਹਿਆਂ ਪਿੱਛੋਂ ਵੀ ਇਸ ਕਬੱਡੀ ਕੱਪ ਦੇ ਖਰਚੇ ਨਹੀਂ ਤਾਰੇ ਜਾ ਸਕੇ ਹਨ। ਪੰਜਾਬ ਸਰਕਾਰ ਨੇ ਇਹ ਬਕਾਏ ਦੇਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਇੱਥੋਂ ਤੱਕ ਕਿ ਨਿੱਕਰਾਂ ਤੇ ਸ਼ਰਟਾਂ ਦੇ ਪੈਸੇ ਵੀ ਸਰਕਾਰ ਨੇ ਨਹੀਂ ਦਿੱਤੇ। ਪੰਜਾਬ ਦੀਆਂ ਸਾਲ 2017 ਦੀਆਂ ਚੋਣਾਂ ਤੋਂ ਐਨ ਪਹਿਲਾਂ ਵਿਸ਼ਵ ਕਬੱਡੀ ਕੱਪ ਕਰਾ ਕੇ ਤਤਕਾਲੀ ਸਰਕਾਰ ਨੇ ਵਾਹ-ਵਾਹ ਤਾਂ ਖੱਟ ਲਈ ਪ੍ਰੰਤੂ ਜਿਨ੍ਹਾਂ ਪ੍ਰਾਈਵੇਟ ਫਰਮਾਂ ਅਤੇ ਹੋਟਲ ਮਾਲਕਾਂ ਨੇ ਖਰਚੇ ਕੀਤੇ, ਉਨ੍ਹਾਂ ਨੂੰ ਅਦਾਇਗੀ ਹਾਲੇ ਤੱਕ ਨਹੀਂ ਹੋਈ ਹੈ।
ਵੇਰਵਿਆਂ ਅਨੁਸਾਰ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋਂ ਆਖਰੀ ਵਰ੍ਹੇ ਦੌਰਾਨ 4 ਨਵੰਬਰ ਤੋਂ 17 ਨਵੰਬਰ 2016 ਤੱਕ ਛੇਵਾਂ ਵਿਸ਼ਵ ਕਬੱਡੀ ਕੱਪ ਕਰਾਇਆ ਸੀ ਜਿਸ ਦਾ ਉਦਘਾਟਨ 3 ਨਵੰਬਰ ਨੂੰ ਰੋਪੜ ਵਿਖੇ ਹੋਇਆ ਜਦੋਂ ਕਿ ਸਮਾਪਤੀ ਜਲਾਲਾਬਾਦ ਵਿੱਚ ਹੋਈ ਸੀ। ਇਸ ਵਿਸ਼ਵ ਕਬੱਡੀ ਕੱਪ ਵਿੱਚ ਭਾਰਤ ਚੈਂਪੀਅਨ ਰਿਹਾ ਸੀ ਅਤੇ ਕੁੱਲ 12 ਮੁਲਕਾਂ ਦੀਆਂ ਟੀਮਾਂ ਨੇ ਸ਼ਮੂਲੀਅਤ ਕੀਤੀ ਸੀ। ਪੰਜਾਬ ਵਿਚ 13 ਥਾਵਾਂ ’ਤੇ ਇਸ ਕਬੱਡੀ ਕੱਪ ਦੇ ਮੈਚ ਹੋਏ ਸਨ। ਸੈਮੀਫਾਈਨਲ ਮੈਚ ਪਿੰਡ ਬਾਦਲ ਅਤੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਰਾਜ ਵਿਖੇ ਹੋਏ ਸਨ। ਗੱਠਜੋੜ ਸਰਕਾਰ ਨੇ ਉਦੋਂ ਵਿਸ਼ਵ ਕਬੱਡੀ ਕੱਪ ’ਤੇ ਕੁੱਲ 3.60 ਕਰੋੜ ਰੁਪਏ ਖਰਚ ਕੀਤੇ ਸਨ। ਇਸ ਕੁੱਲ ਖਰਚ ’ਚੋਂ ਪੰਜਾਬ ਸਰਕਾਰ ਹਾਲੇ ਤੱਕ 80.09 ਲੱਖ ਰੁਪਏ ਦੇ ਬਕਾਏ ਹਾਲੇ ਤੱਕ ਤਾਰ ਨਹੀਂ ਸਕੀ ਹੈ। ਅੱਠ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਪ੍ਰਾਈਵੇਟ ਫਰਮਾਂ ਅਤੇ ਹੋਟਲ ਮਾਲਕਾਂ ਨੂੰ ਲਾਰੇ ਲਾ ਕੇ ਵਕਤ ਲੰਘਾਇਆ ਜਾ ਰਿਹਾ ਹੈ। ਕਬੱਡੀ ਕੱਪ ਵਿਚ ਸ਼ਾਮਲ ਖਿਡਾਰੀਆਂ ਅਤੇ ਮਹਿਮਾਨਾਂ ਨੂੰ ਬਠਿੰਡਾ ਸ਼ਹਿਰ ਦੇ ਹੋਟਲਾਂ ਵਿਚ ਠਹਿਰਾਇਆ ਗਿਆ ਸੀ।
ਬਠਿੰਡਾ ਦੇ ਅੱਠ ਪ੍ਰਮੁੱਖ ਹੋਟਲਾਂ ਦੇ ਕਰੀਬ 30 ਲੱਖ ਦੇ ਬਕਾਏ ਸਰਕਾਰ ਵੱਲ ਖੜ੍ਹੇ ਹਨ। ਸਟੈਲਾ ਹੋਟਲ ਦੇ ਮਾਲਕ ਵਿਪਨ ਗਰਗ (ਜੈਤੋ) ਦਾ ਕਹਿਣਾ ਸੀ ਕਿ ਉਨ੍ਹਾਂ ਦੇ ਕਰੀਬ ਛੇ ਲੱਖ ਰੁਪਏ ਸਰਕਾਰ ਵੱਲ ਫਸੇ ਹੋਏ ਹਨ ਅਤੇ ਉਹ ਤਾਂ ਦਫ਼ਤਰਾਂ ਦੇ ਗੇੜੇ ਮਾਰ ਮਾਰ ਥੱਕ ਗਏ ਹਨ। ਇੱਕ ਹੋਰ ਹੋਟਲ ਮਾਲਕ ਦਾ ਕਹਿਣਾ ਸੀ ਕਿ ਪਹਿਲੇ ਕਬੱਡੀ ਕੱਪ ਵਿਚ ਵੀ ਬਕਾਏ ਰੁਕ ਜਾਂਦੇ ਸਨ ਪ੍ਰੰਤੂ ਜਦੋਂ ਅਗਲਾ ਕਬੱਡੀ ਕੱਪ ਆਉਂਦਾ ਸੀ ਤਾਂ ਉਹ ਰੌਲਾ ਪਾ ਕੇ ਪੁਰਾਣੇ ਬਕਾਏ ਸਰਕਾਰ ਤੋਂ ਕਲੀਅਰ ਕਰਾ ਲੈਂਦੇ ਸਨ। ਇਹ ਹੋਟਲ ਮਾਲਕ ਮੌਜੂਦਾ ਵਜ਼ੀਰਾਂ ਤੱਕ ਵੀ ਪਹੁੰਚ ਕਰ ਚੁੱਕੇ ਹਨ ਪ੍ਰੰਤੂ ਕੋਈ ਦਿਲਚਸਪੀ ਨਹੀਂ ਲੈ ਰਿਹਾ ਹੈ।
ਵੇਰਵਿਆਂ ਅਨੁਸਾਰ ਵਿਸ਼ਵ ਕਬੱਡੀ ਕੱਪ ਦੇ ਬਠਿੰਡਾ ਜ਼ਿਲ੍ਹੇ ਦੇ ਸਭ ਤੋਂ ਜ਼ਿਆਦਾ 44.63 ਲੱਖ ਦੇ ਬਕਾਏ ਹਾਲੇ ਖੜ੍ਹੇ ਹਨ ਜਦੋਂ ਕਿ ਜਲੰਧਰ ਦੇ 10.32 ਲੱਖ ਦੀਆਂ ਦੇਣਦਾਰੀਆਂ ਹਨ। ਇਸੇ ਤਰ੍ਹਾਂ ਤਰਨ ਤਾਰਨ ਜ਼ਿਲ੍ਹੇ ਦੇ 6.34 ਲੱਖ, ਪਟਿਆਲਾ ਦੇ 3.69 ਲੱਖ, ਫਾਜ਼ਿਲਕਾ ਦੇ 7.75 ਲੱਖ,ਸ੍ਰੀ ਮੁਕਤਸਰ ਸਾਹਿਬ ਦੇ 4.07 ਲੱਖ ਰੁਪਏ, ਸੰਗਰੂਰ ਦੇ 94,670 ਅਤੇ ਮੋਗਾ ਜ਼ਿਲ੍ਹੇ ਦੇ 44,549 ਰੁਪਏ ਦੀ ਬਕਾਏ ਫਸੇ ਹੋਏ ਹਨ। ਚੇਤੇ ਰਹੇ ਕਿ ਇਸ ਕਬੱਡੀ ਕੱਪ ਦੇ ਮੈਚਾਂ ਦੌਰਾਨ ਦਰਸ਼ਕਾਂ ਦੇ ਮਨੋਰੰਜਨ ਦਾ ਵੀ ਪ੍ਰਬੰਧ ਕੀਤਾ ਗਿਆ ਸੀ।
ਹੋਟਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸਤੀਸ਼ ਅਰੋੋੜਾ ਦਾ ਕਹਿਣਾ ਸੀ ਕਿ ਉਹ ਪੰਜਾਬ ਸਰਕਾਰ ਨੂੰ ਵਾਰ ਵਾਰ ਅਪੀਲ ਕਰ ਚੁੱਕੇ ਹਨ ਕਿ ਬਕਾਏ ਕਲੀਅਰ ਕੀਤੇ ਜਾਣ ਪ੍ਰੰਤੂ ਕਿਧਰੇ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਹੁਣ ਤਾਂ ਕੋਵਿਡ ਕਰਕੇ ਹੋਟਲ ਸਨਅਤ ਨੂੰ ਪਹਿਲਾਂ ਹੀ ਮਾਰ ਪਈ ਹੋਈ ਹੈ ਪਰ ਸਰਕਾਰ ਹੱਥ-ਪੱਲਾ ਨਹੀਂ ਫੜਾ ਰਹੀ ਹੈ। ਉਨ੍ਹਾਂ ਨੇ ਸਰਕਾਰੀ ਪ੍ਰੋਗਰਾਮ ਹੋਣ ਕਰਕੇ ਹੀ ਮਹਿਮਾਨਾਂ ਤੇ ਖਿਡਾਰੀਆਂ ਨੂੰ ਠਹਿਰਾਇਆ ਸੀ।
ਨਿੱਕਰਾਂ ਤੇ ਬੂਟਾਂ ਜੋਗੇ ਪੈਸੇ ਨਹੀਂ..!
ਵਿਸ਼ਵ ਕਬੱਡੀ ਕੱਪ ’ਤੇ ਸ਼ਰਟਾਂ, ਬੂਟ, ਟਰੈਕ ਸੂਟਾਂ ਅਤੇ ਨਿੱਕਰਾਂ ਦੀ ਸਪਲਾਈ ਦੇਣ ਵਾਲੀਆਂ ਤਿੰਨ ਫਰਮਾਂ ਦੇ ਵੀ ਸਰਕਾਰ ਵੱਲ 1.87 ਲੱਖ ਦੇ ਬਕਾਏ ਖੜ੍ਹੇ ਹਨ। ਬਠਿੰਡਾ ਦੀ ਵੀ.ਕੇ. ਸਪੋਰਟਸ ਨੇ ਇਸ ਕੱਪ ਮੌਕੇ 28 ਨਿੱਕਰਾਂ, 18 ਬੂਟਾਂ ਅਤੇ 14 ਕਿੱਟਾਂ ਦੀ ਸਪਲਾਈ ਦਿੱਤੀ ਸੀ ਜਿਸ ਦੇ 40,500 ਦੇ ਬਕਾਏ ਖੜ੍ਹੇ ਹਨ। ਇਸੇ ਤਰ੍ਹਾਂ ਜਲੰਧਰ ਦੀ ਐੱਮਸੀਸੀ ਸਪੋਰਟਸ ਏਜੰਸੀ ਨੇ 36 ਸ਼ਰਟਾਂ ਅਤੇ ਕੇਕੇ ਨੈੱਟਸ ਨੇ 18 ਟਰੈਕ ਸੂਟਾਂ ਤੋਂ ਇਲਾਵਾ ਲੁਧਿਆਣਾ ਦੀਆਂ ਫਰਮਾਂ ਨੇ ਵੀ ਸਪਲਾਈ ਦਿੱਤੀ ਸੀ ਪ੍ਰੰਤੂ ਇਨ੍ਹਾਂ ਦੇ ਬਕਾਏ ਰੁਕੇ ਹੋਏ ਹਨ।