ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 3 ਜੁਲਾਈ
ਕੈਬਨਿਟ ਮੰਤਰੀ ਸ੍ਰੀ ਓ ਪੀ ਸੋਨੀ ਨੇ ਅੰਮ੍ਰਿਤਸਰ ਸ਼ਹਿਰ ਵਿਚ ਚੱਲ ਰਹੇ ਪ੍ਰੋਜੈਕਟਾਂ ਦਾ ਵੇਰਵਾ ਆਪਣੇ ਇਲਾਕਾ ਵਾਸੀਆਂ ਨਾਲ ਸਾਂਝਾ ਕਰਦੇ ਦੱਸਿਆ ਕਿ ਸ਼ਹਿਰ ਵਿਚ ਜਿੱਥੇ ਨਵੇਂ ਟਿਊਬਵੈਲ ਲਾਏ ਜਾ ਰਹੇ ਹਨ, ਉਥੇ ਨਵੀਂ ਪਾਈਪ ਲਾਈਨ ਵੀ ਵਿਛਾਈ ਜਾ ਰਹੀ ਹੈ, ਜਿਹੜੀ ਨਵੀਆਂ ਕਾਲੋਨੀਆਂ ਵਿਚ ਵੱਸਦੇ ਲੋਕਾਂ ਨੂੰ ਪੀਣ ਲਈ ਪਾਣੀ ਮੁਹਈਆ ਕਰਵਾਏਗੀ। ਅੱਜ ਝਬਾਲ ਰੋਡ ਤੋਂ ਲੈ ਕੇ ਪਿੰਡ ਇਬਨ ਸੂਏ ਤਕ 2 ਕਰੋੜ ਦੀ ਲਾਗਤ ਨਾਲ ਪੈਣ ਵਾਲੇ ਪਾਈਪ ਦੀ ਸ਼ੁਰੂਆਤ ਕਰਦਿਆਂ ਸ੍ਰੀ ਸੋਨੀ ਨੇ ਦੱਸਿਆ ਕਿ ਇਸ ਪਾਈਪ ਲਾਈਨ ਨਾਲ ਹੀ ਆਨੰਦ ਵਿਹਾਰ, ਡਰੀਮ ਸਿਟੀ, ਵਾਹਿਗੁਰੂ ਸਿਟੀ, ਦਸ਼ਮੇਸ਼ ਵਿਹਾਰ, ਬਾਬਾ ਦੀਪ ਸਿੰਘ ਕਲੋਨੀ, ਠਾਕੁਰ ਇਨਕਲੇਵ, ਸ਼ਿਵਾ ਵਿਹਾਰ, ਸਤਨਾਮ ਨਗਰ ਅਤੇ ਰੋਡ ਦੇ ਨਾਲ-ਨਾਲ ਕਲੋਨੀ ਅਤੇ ਇਲਾਕਿਆਂ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਮਿਲੇਗੀ। ਇਸ ਮੌਕੇ ਉਨ੍ਹਾਂ ਨੌ ਗਜੀਆਂ ਪਾਰਕ ਜੋ ਕਿ 15 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ, ਦੀ ਵੀ ਟੱਕ ਲਾ ਕੇ ਸ਼ੁਰੂਆਤ ਕੀਤੀ।