ਪੱਤਰ ਪ੍ਰੇਰਕ
ਗੂਹਲਾ ਚੀਕਾ, 3 ਜੁਲਾਈ
ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵਿਚਾਲੇ ਟੁੱਟੀ ਗੱਲਬਾਤ ਨੂੰ ਮੁੜ ਸ਼ੁਰੂ ਕਰਵਾਉਣ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਰਿਆਣਾ ਕਮੇਟੀ ਦੇ ਮੀਤ ਪ੍ਰਧਾਨ ਜਥੇਦਾਰ ਸਵਰਨ ਸਿੰਘ ਰਤੀਆ ਨੇ ਕਿਹਾ ਕੇ ਹਰਿਆਣਾ ਕਮੇਟੀ ਦੀ ਅੰਤ੍ਰਿਰੰਗ ਕਮੇਟੀ ਵੱਲੋਂ ਆਪਣੀ 4 ਜੂਨ ਦੀ ਮੀਟਿੰਗ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਸੀ ਕਿ ਕੇਂਦਰ ਸਰਕਾਰ ਅਤੇ ਕਿਸਾਨਾਂ ਵਿੱਚ ਰੁਕੀ ਗੱਲਬਾਤ ਨੂੰ ਮੁੜ ਸ਼ੁਰੂ ਕਰਾਉਣ ਲਈ ਮੁੱਖ ਮੰਤਰੀ ਹਰਿਆਣਾ ਅੱਗੇ ਮਤਾ ਰੱਖਿਆ ਜਾਵੇ। ਇਸੇ ਤਹਿਤ ਲੰਘੀ 22 ਜੂਨ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਹਰਿਆਣਾ ਕਮੇਟੀ ਦੇ ਇਕ ਵਫਦ ਨੇ ਕਮੇਟੀ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਵਿੱਚ ਮੁਲਾਕਾਤ ਕਰਕੇ ਕੀਤੀ ਤੇ ਪੱਤਰ ਸੌਂਪ ਕੇ ਕਿਹਾ ਕਿ ਮੁੱਖ ਮੰਤਰੀ ਹਰਿਆਣਾ ਆਪਣੇ ਸਾਰਥਕ ਯਤਨ ਕਰਨ ਤਾਂ ਕਿ ਕੇਂਦਰ ਅਤੇ ਕਿਸਾਨਾਂ ਦੀ ਰੁਕੀ ਹੋਈ ਗੱਲਬਾਤ ਸ਼ੁਰੂ ਹੋ ਜਾਵੇ। ਇਸ ਸਬੰਧੀ ਅੱਜ ਹਰਿਆਣਾ ਕਮੇਟੀ ਦੇ 5 ਮੈਂਬਰੀ ਵਫਦ ਜਸਬੀਰ ਸਿੰਘ ਭਾਟੀ ਕਿਸਾਨ ਆਗੂ ਅਤੇ ਜਰਨਲ ਸਕੱਤਰ ਹਰਿਆਣਾ ਕਮੇਟੀ, ਸਵਰਨ ਸਿੰਘ ਰਤੀਆ ਮੀਤ ਪ੍ਰਧਾਨ, ਗੁਰਚਰਨ ਸਿੰਘ ਚੀਮੋਂ, ਹਰਭਜਨ ਸਿੰਘ ਰਠੌਰ ਅਤੇ ਸਕੱਤਰ ਸਰਬਜੀਤ ਸਿੰਘ ਨੇ ਸਿੰਘੂ ਬਾਰਡਰ ਉੱਪਰ ਕਿਸਾਨ ਆਗੂਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਕ ਪੱਤਰ ਦਿੱਤਾ ਗਿਆ। ਜਿਸ ਨੂੰ 9 ਮੈਂਬਰੀ ਕਮੇਟੀ ਦੇ ਆਗੂ ਡਾ. ਦਰਸ਼ਨਪਾਲ, ਯੋਗਿੰਦਰ ਯਾਦਵ, ਜੋਗਿੰਦਰ ਸਿੰਘ ਉਗਰਾਹਾਂ ਸਣੇ ਹੋਰਨਾਂ ਨੇ ਪ੍ਰਾਪਤ ਕੀਤਾ। ਜਥੇਦਾਰ ਰਤੀਆ ਨੇ ਦੱਸਿਆ ਕਿ ਕਿਸਾਨ ਆਗੂਆਂ ਦੇ ਨੇ ਪੱਤਰ ਪ੍ਰਾਪਤ ਕਰ ਕੇ ਆਪਣੀ 40 ਮੈਂਬਰੀ ਕਮੇਟੀ ਦੀ ਮੀਟਿੰਗ ਵਿਚ ਉਸ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ।