ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 3 ਜੁਲਾਈ
ਇਥੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਐਵਾਰਡ ਜੇਤੂ ਖਿਡਾਰੀਆਂ ਲਈ ਕੀਤੇ ਗਏ ਐਲਾਨਾਂ ਦਾ ਫਾਇਦਾ ਉਨ੍ਹਾਂ ਨੂੰ ਮਿਲਣਾ ਸ਼ੁਰੂ ਹੋ ਗਿਆ ਹੈ। ਐਲਾਨ ਤਹਿਤ ਖਿਡਾਰੀਆਂ ਦੇ ਖਾਤਿਆਂ ਵਿਚ ਵਧਾਈ ਗਈ ਰਕਮ ਖਿਡਾਰੀਆਂ ਤੱਕ ਪਹੁੰਚ ਗਈ ਹੈ। ਖੇਡ ਮੰਤਰੀ ਸੰਦੀਪ ਸਿੰਘ ਨੇ ਅੱਜ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਸੁਸ਼ਾਸਨ ਦਿਵਸ ਮੌਕੇ ‘ਤੇ ਅਰਜੁਨ, ਦਰੋਣਾਚਾਰਿਆ, ਭੀਮ ਅਤੇ ਧਿਆਨ ਚੰਦ ਐਵਾਰਡੀਆਂ ਦੇ ਮਹੀਨੇ ਵਾਰ ਭੱਤਿਆਂ ਵਿਚ ਵਾਧਾ ਕਰਨ ਦਾ ਐਲਾਨ ਕੀਤਾ ਸੀ, ਜਿਸ ਅਨੁਸਾਰ ਸੂਬੇ ਵਿਚ 104 ਐਵਾਰਡੀਆਂ ਨੂੰ 20 ਹਜ਼ਾਰ ਰੁਪਏ ਅਤੇ 130 ਐਵਾਰਡੀਆਂ ਨੂੰ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਨਮਾਨ ਰਕਮ ਦਿੱਤੀ ਜਾਣੀ ਸੀ, ਜੋ ਹੁਣ ਉਨ੍ਹਾਂ ਦੇ ਖਾਤਿਆਂ ਵਿਚ ਪੁੱਜਣੀ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਖੇਡ ਮੰਤਰੀ ਨੇ ਦੱਸਿਆ ਕਿ ਜਿੱਥੇ ਅਜਰੁਨ, ਦਰੋਣਾਚਾਰੀਆ ਅਤੇ ਧਿਆਨ ਚੰਦ ਐਵਾਰਡੀ ਜੇਤੂਆਂ ਨੂੰ ਹੁਣ 5 ਹਜ਼ਾਰ ਰੁਪਏ ਦੀ ਥਾਂ ਪ੍ਰਤੀ ਮਹੀਨਾ 20-20 ਹਜ਼ਾਰ ਰੁਪਏ ਦੀ ਸਨਮਾਨ ਰਕਮ ਦਿੱਤੀ ਗਈ ਹੈ। ਉੱਥੇ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਤੇਨਜਿੰਗ ਨੋਗਰ ਬਹਾਦਰੀ ਪੁਰਸਕਾਰ ਦੇ ਜੇਤੂਆਂ ਨੂੰ ਵੀ 20 ਹਜ਼ਾਰ ਰੁਪਏ ਦਾ ਬਹਾਦਰੀ ਸਨਮਾਨ ਦਿੱਤਾ ਗਿਆ ਹੈ। ਇਹੀ ਨਹੀਂ ਭੀਮ ਐਵਾਰਡੀ ਜੇਤੂਆਂ ਦਾ ਵੀ ਮੁੱਖ ਮੰਤਰੀ ਨੇ ਹੌਸਲਾ ਅਫ਼ਜ਼ਾਈ ਕੀਤੀ ਹੈ। ਉਨ੍ਹਾਂ ਨੂੰ ਸਿਰਫ ਪੁਰਸਕਾਰ ਦੇ ਸਮੇਂ 5 ਲੱਖ ਰੁਪਏ ਦੀ ਰਕਮ ਦਿੱਤੀ ਜਾਂਦੀ ਸੀ, ਹੁਣ ਉਨ੍ਹਾਂ ਨੂੰ ਪ੍ਰਤੀ ਮਹੀਨੇ 5 ਹਜ਼ਾਰ ਰੁਪਏ ਭੀਮ ਭੱਤਾ ਦਿੱਤਾ ਜਾ ਰਿਹਾ ਹੈ।