ਪੱਤਰ ਪ੍ਰੇਰਕ
ਮਾਨਸਾ, 3 ਜੁਲਾਈ
ਬੇਰੁਜ਼ਗਾਰ ਸਾਂਝੇ ਮੋਰਚੇ ਨੇ ਪੰਜਾਬ ਸਰਕਾਰ ਖਿਲਾਫ਼ ਮੋਰਚਾ ਖੋਲ੍ਹਦਿਆਂ ਪਿੰਡਾਂ ਵਿੱਚ ਘਰਾਂ ਦੇ ਮੂਹਰੇ ਸਰਕਾਰ ਖਿਲਾਫ਼ ਫਲੈਕਸ ਲਾਉਣੇ ਆਰੰਭ ਕਰ ਦਿੱਤੇ ਹਨ, ਜਿਸ ਵਿੱਚ ਰੁਜ਼ਗਾਰ ਦੇਣ ਦੇ ਵਾਅਦੇ ਪੂਰੇ ਨਾ ਹੋਣ ਨੂੰ ਲੈ ਕੇ ਕੈਪਟਨ ਸਰਕਾਰ ਤੋਂ ਸਵਾਲ ਪੁੱਛੇ ਜਾ ਰਹੇ ਹਨ। ਇਨ੍ਹਾਂ ਫਲੈਕਸਾਂ ਨੂੰ ਬੇਰੁਜ਼ਗਾਰਾਂ ਨੇ ਆਪਣੇ ਘਰਾਂ ਦੇ ਬਾਹਰ ਲਾਇਆ ਹੋਇਆ ਹੈ। ਮੋਰਚੇ ਦੇ ਆਗੂ ਬਲਕਾਰ ਸਿੰਘ ਮਘਾਣੀਆਂ ਨੇ ਦੱਸਿਆ ਕਿ ਜ਼ਿਲ੍ਹੇ ਮਾਨਸਾ ਅੰਦਰ ਬੋਹਾ, ਗਾਦੜਪੱਤੀ, ਮਲਕੋਂ, ਦਲੇਲਵਾਲਾ, ਉੱਡਤ ਸੈਦੇਵਾਲਾ, ਬੁਢਲਾਡਾ, ਖੱਤਰੀਵਾਲਾ, ਦਿਆਲਪੁਰਾ, ਬਹਾਦਰਪੁਰ, ਅਕਬਰਪੁਰ ਖੁਡਾਲ, ਧਰਮਪੁਰਾ, ਮਘਾਣੀਆ, ਬਰੇਟਾ ਆਦਿ ਪਿੰਡਾਂ ਵਿੱਚ ਫਲੈਕਸ ਲੱਗ ਚੁੱਕੇ ਹਨ ਅਤੇ ਹੋਰ ਪਿੰਡਾਂ ਵਿੱਚ ਲਾਏ ਜਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਘਰ-ਘਰ ਨੌਕਰੀ ਦੇ ਵਾਅਦੇ ਤੋਂ ਮੁੱਕਰ ਚੁੱਕੀ ਹੈ।ਉਨ੍ਹਾਂ ਮੰਗ ਕੀਤੀ ਕਿ ਸਿਹਤ ਅਤੇ ਸਿੱਖਿਆ ਵਿਭਾਗ ਵਿੱਚ ਖਾਲੀ ਸਾਰੀਆਂ ਅਸਾਮੀਆਂ ਉਪਰ ਉਮਰ ਹੱਦ ਵਿੱਚ ਛੋਟ ਦੇ ਕੇ ਭਰਤੀ ਕੀਤਾ ਜਾਵੇ।