ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 4 ਜੁਲਾਈ
ਲਸ਼ਕਰ-ਏ-ਤੋਇਬਾ ਦੇ ਮੁਖੀ ਹਾਫ਼ਿਜ਼ ਸਈਦ ਦੀ ਲਾਹੌਰ ਸਥਿਤ ਰਿਹਾਇਸ਼ ਦੇ ਬਾਹਰ 23 ਜੂਨ ਨੂੰ ਹੋਏ ਧਮਾਕੇ ਪਿੱਛੇ ਭਾਰਤ ਦੀ ਖੁਫੀਆ ਏਜੰਸੀ ‘ਰਾਅ’ ਦਾ ਹੱਥ ਹੋਣ ਦੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਬਿਆਨ ਮਗਰੋਂ ਦੋਵਾਂ ਮੁਲਕਾਂ ਦੇ ਰਿਸ਼ਤਿਆਂ ’ਚ ਮੁੜ ਖਟਾਸ ਵਧਣ ਦੇ ਆਸਾਰ ਬਣ ਗਏ ਹਨ। ਇਮਰਾਨ ਨੇ ਸੋਸ਼ਲ ਮੀਡੀਆ ’ਤੇ ਪਾਈ ਇਕ ਪੋਸਟ ’ਚ ਕਿਹਾ, ‘‘ਮੈਂ ਆਪਣੀ ਟੀਮ ਨੂੰ ਹਦਾਇਤ ਕੀਤੀ ਹੈ ਕਿ ਲਾਹੌਰ ਦੇ ਜੌਹਰ ਮੁਹੱਲੇ ’ਚ ਹੋੲੇ ਧਮਾਕੇ ਦੀ ਜਾਂਚ ਨਾਲ ਜੁੜੀਆਂ ਲੱਭਤਾਂ ਨੂੰ ਦੇਸ਼ ਨਾਲ ਸਾਂਝਿਆਂ ਕੀਤਾ ਜਾਵੇ। ਮੈਂ ਅਤਿਵਾਦ ਦੇ ਟਾਕਰੇ ਬਾਰੇ ਪੰਜਾਬ ਪੁਲੀਸ ਦੇ ਵਿਭਾਗ ਵੱਲੋਂ ਇੰਨੀ ਛੇਤੀ ਸਬੂਤ ਜੁਟਾਉਣ ਲਈ ਕੀਤੇ ਯਤਨਾਂ ਅਤੇ ਸਾਡੀਆਂ ਸਿਵਲ ਤੇ ਫੌਜੀ ਇੰਟੈਲੀਜੈਂਸ ਏਜੰਸੀਆਂ ਦੇ ਸ਼ਾਨਦਾਰ ਤਾਲਮੇਲ ਦੀ ਸ਼ਲਾਘਾ ਕਰਦਾ ਹਾਂ।’’ ਪਾਕਿ ਦੇ ਵਜ਼ੀਰੇ ਆਜ਼ਮ ਨੇ ਧਮਾਕੇ ਲਈ ਸਿੱਧੇ ਤੌਰ ’ਤੇ ਨਵੀਂ ਦਿੱਲੀ ਸਿਰ ਦੋਸ਼ ਮੜਿਆ ਹੈ। ਧਮਾਕੇ ਵਿੱਚ ਤਿੰਨ ਵਿਅਕਤੀ ਮਾਰੇ ਗੲੇ ਸਨ ਤੇ 20 ਤੋਂ ਵਧ ਵਿਅਕਤੀ ਜ਼ਖ਼ਮੀ ਹੋ ਗਏ ਸਨ। ਖ਼ਾਨ ਨੇ ਭਾਰਤ ’ਤੇ ਦੋਸ਼ ਅਜਿਹੇ ਮੌਕੇ ਲਾਏ ਹਨ ਜਦੋਂ ਭਾਰਤ ਨੇ ਪਿਛਲੇ ਹਫ਼ਤੇ ਜੰਮੂ ਵਿੱਚ ਹਵਾਈ ਸੈਨਾ ਦੇ ਬੇਸ ’ਤੇ ਹੋੲੇ ਡਰੋਨ ਹਮਲੇ ਪਿੱਛੇ ਲਸ਼ਕਰ-ਏ-ਤੋਇਬਾ ਦਾ ਹੱਥ ਹੋਣ ਦਾ ਦਾਅਵਾ ਕੀਤਾ ਹੈ।