ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਜੁਲਾਈ
ਹਰਿਆਣਾ ਸਰਕਾਰ ਨੇ ਸੂਬੇ ਵਿੱਚ ਕਰੋਨਾਵਾਇਰਸ ਦੀ ਤੀਜੀ ਲਹਿਰ ਦੀ ਆਮਦ ਦਾ ਖਦਸ਼ਾ ਜਤਾਉਂਦਿਆ ‘ਮਹਾਮਾਰੀ ਅਲਰਟ-ਸੁਰੱਖਿਅਤ ਹਰਿਆਣਾ’ (ਲੌਕਡਾਊਨ) 12 ਜੁਲਾਈ ਤੱਕ ਵਧਾ ਦਿੱਤਾ ਹੈ। ਸੂਬੇ ਵਿੱਚ 5 ਜੁਲਾਈ ਸਵੇਰੇ 5 ਵਜੇ ਤੋਂ 12 ਜੁਲਾਈ ਸਵੇਰੇ 5 ਵਜੇ ਤੱਕ ‘ਮਹਾਮਾਰੀ ਅਲਰਟ-ਸੁਰੱਖਿਅਤ ਹਰਿਆਣਾ’ (ਲੌਕਡਾਊਨ) ਤਹਿਤ ਪਾਬੰਦੀਆਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਸਰਕਾਰੀ ਬੁਲਾਰੇ ਅਨੁਸਾਰ ਸੂਬੇ ਵਿੱਚ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਹੀ ਰਹੇਗਾ ਜਦਕਿ ਮੌਲਾਂ ਨੂੰ ਵੀ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਹੈ। ਸੂਬੇ ਵਿੱਚ ਧਾਰਮਿਕ ਅਸਥਾਨ 50 ਫ਼ੀਸਦ ਇਕੱਠ ਨਾਲ ਖੋਲ੍ਹੇ ਜਾਣਗੇ। ਵਿਆਹ ਸਮਾਗਮ ਅਤੇ ਸਸਕਾਰ ਵਿੱਚ 50 ਜਣੇ ਸ਼ਾਮਲ ਹੋ ਸਕਣਗੇ। ਸੂਬੇ ਦੇ ਕਲੱਬ, ਰੈਸਟੋਰੇਂਟ, ਬਾਰ ਵੀ 50 ਫ਼ੀਸਦ ਸਮਰੱਥਾ ਨਾਲ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹੇ ਰਹਿਣਗੇ।