ਪੱਤਰ ਪ੍ਰੇਰਕ
ਫਗਵਾੜਾ, 3 ਜੁਲਾਈ
ਹਾਈਵੇਅ ਸਨੈਚਿੰਗ ਦੇ ਮਾਮਲੇ ਵਿੱਚ ਪੁਲੀਸ ਟੀਮ ਨੇ ਕੇਸ ਨੂੰ 48 ਘੰਟਿਆਂ ’ਚ ਹੱਲ ਕਰਦਿਆਂ ਜਲੰਧਰ ਸਪੋਰਟਸ ਕਾਲਜ ਦੇ ਇੱਕ ਵਿਦਿਆਰਥੀ ਤੇ ਉਸ ਦੇ ਸਾਥੀ ਸਣੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਲੁੱਟੇ ਪੈਸੇ ਤੇ ਐਕਟਿਵਾ ਬਰਾਮਦ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਕਰਨਪ੍ਰੀਤ ਸਿੰਘ (20), ਜੋ ਜਲੰਧਰ ਦੇ ਸਪੋਰਟਸ ਕਾਲਜ ’ਚ ਬੀਏ ਭਾਗ 2 ਦਾ ਵਿਦਿਆਰਥੀ ਹੈ ਤੇ ਉਸ ਦਾ ਸਾਥੀ ਅਮਨਦੀਪ ਸਿੰਘ (22) ਵਾਸੀ ਜਲੰਧਰ ਵਜੋਂ ਹੋਈ ਹੈ। ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਕੁਰੂਕਸ਼ੇਤਰ ਦੇ ਥਾਨੇਸਰ ਦੇ ਰਹਿਣ ਵਾਲੇ ਵਿਸ਼ਨੂੰ ਨੇ ਪੁਲੀਸ ਨੂੰ ਦੱਸਿਆ ਕਿ ਜਲੰਧਰ-ਫਗਵਾੜਾ ਹਾਈਵੇਅ ’ਤੇ ਹਵੇਲੀ ਤੋਂ ਅੱਗੇ ਮੁਲਜ਼ਮਾਂ ਨੇ ਉਸ ਕੋਲੋਂ ਐਕਟਿਵਾ ਖੋਹ ਲਈ, ਜਿਸ ’ਚ ਉਸ ਨੇ 2 ਲੱਖ ਰੁਪਏ ਨਕਦ ਰੱਖੇ ਸਨ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਨਵੀਂ ਬਣੀ ਹਾਈਵੇਅ ਪੈਟਰੋਲ ਪਾਰਟੀ ਤੁਰੰਤ ਮੌਕੇ ’ਤੇ ਪਹੁੰਚ ਗਈ ਤੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਨੇ ਮੁਲਜ਼ਮਾਂ ਅਮਨਦੀਪ ਸਿੰਘ ਤੇ ਕਰਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਲੁੱਟੇ ਗਏ ਪੈਸੇ, ਐਕਟਿਵਾ ਸਕੂਟੀ ਤੇ ਵਾਰਦਾਤ ਕਰਨ ਸਮੇਂ ਵਰਤਿਆ ਮੋਟਰਸਾਈਕਲ ਬਰਾਮਦ ਕਰ ਲਿਆ।