ਗੁਰਬਖਸ਼ਪੁਰੀ
ਤਰਨ ਤਾਰਨ, 4 ਜੁਲਾਈ
ਇਥੇ ਥਾਣਾ ਸਿਟੀ ਦੀ ਪੁਲੀਸ ਨੇ ਬੀਤੀ ਰਾਤ ਕੋਵਿਡ ਸਬੰਧੀ ਲਗਾਈਆਂ ਪਾਬੰਦੀਆਂ ਦੀ ਉਲੰਘਣਾ ਕਰਕੇ ਕਾਕਟੇਲ ਪਾਰਟੀ ਵਿੱਚ ਸ਼ਾਮਲ ਅਮੀਰ ਘਰਾਣਿਆਂ ਦੀਆਂ ਚਾਰ ਔਰਤਾਂ ਸਣੇ 26 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ| ਡੀਐੱਸਪੀ ਸੁੱਚਾ ਸਿੰਘ ਬੱਲ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਇਨ੍ਹਾਂ ਅਯਾਸ਼ਪ੍ਰਸਤਾਂ ਨੂੰ ਤਰਨ ਤਾਰਨ-ਅੰਮ੍ਰਿਤਸਰ ਸੜਕ ’ਤੇ ਪਿੰਡ ਗੋਹਲਵੜ੍ਹ ਦੇ ਇਰਛ ਬੀਚ ਰਿਜ਼ੌਰਟ ਤੋਂ ਕਾਬੂ ਕੀਤਾ ਹੈ|
ਪੁਲੀਸ ਨੇ ਮੌਕੇ ’ਤੇ 14 ਵੱਡੇ-ਛੋਟੇ ਹੁੱਕੇ, ਵੱਖ ਵੱਖ ਕਿਸਮ ਦੀ ਸ਼ਰਾਬ ਦੀਆਂ 37 ਅਤੇ ਬੀਅਰ ਦੀਆਂ 132 ਬੋਤਲਾਂ ਸਮੇਤ ਹੋਰ ਸਾਮਾਨ ਆਦਿ ਬਰਾਮਦ ਕੀਤਾ ਹੈ| ਪੁਲੀਸ ਅਧਿਕਾਰੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮ ਰੈਸਟੋਰੈਂਟ ਆਦਿ ਲਈ ਨਿਰਧਾਰਤ 9-00 ਵਜੇ ਤੋਂ ਬਾਅਦ ਇਕੱਠੇ ਹੋ ਕੇ ਹੁੱਕਾ, ਸ਼ਰਾਬ ਆਦਿ ਪੀ ਰਹੇ ਸਨ ਅਤੇ ਸਵੀਮਿੰਗ ਪੂਲ ਵਿੱਚ ਨਹਾ ਰਹੇ ਸਨ| ਅਧਿਕਾਰੀ ਨੇ ਦੱਸਿਆ ਕਿ ਅਜਿਹਾ ਕਰਕੇ ਉਹ ਕੋਵਿਡ ਮਹਾਮਾਰੀ ਨੂੰ ਬੜਾਵਾ ਦੇਣ ਦਾ ਕਾਰਨ ਬਣ ਰਹੇ ਸਨ| ਮੁਲਜ਼ਮਾਂ ਵਿੱਚ ਰਿਜ਼ੌਰਟ ਦੇ ਮਾਲਕ ਆਕਾਸ਼ ਸ਼ਰਮਾ ਵਾਸੀ ਛੇਹਰਟਾ ਤੇ ਉਸ ਦੇ ਕਾਰੋਬਾਰੀ ਸਾਥੀ ਪ੍ਰਭਜੀਤ ਸਿੰਘ ਵਾਸੀ ਅੰਮ੍ਰਿਤਸਰ ਵੀ ਸ਼ਾਮਲ ਹਨ| ਇਸ ਸਬੰਧੀ ਥਾਣਾ ਸਿਟੀ ਦੀ ਪੁਲੀਸ ਨੇ ਮੁਲਜ਼ਮਾਂ ਵਿਰੁੱਧ ਦਫ਼ਾ 188, 269 ਫੌਜਦਾਰੀ, ਡਿਜਾਸਟਰ ਮੈਨੇਜਮੈਂਟ ਐਕਟ 51, 52, ਆਬਕਾਰੀ ਐਕਟ ਦੀ ਦਫ਼ਾ 61, 1, 14 ਅਧੀਨ ਕੇਸ ਦਰਜ ਕੀਤਾ ਗਿਆ ਹੈ| ਪੁਲੀਸ ਨੇ ਇਸ ਮਾਮਲੇ ਸਬੰਧੀ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਜਿਸ ਦੌਰਾਨ ਮੁਲਜ਼ਮਾਂ ਦਾ ਹੋਰ ਅਪਰਾਧੀ ਗਤੀਵਿਧਿਆਂ ਵਿੱਚ ਸ਼ਾਮਲ ਹੋਣ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ|
ਇਸ ਪਾਰਟੀ ਵਿੱਚ ਸ਼ਾਮਲ ਔਰਤਾਂ ਵੀ ਸ਼ਾਰਾਬ-ਬੀਅਰ ਆਦਿ ਦੇ ਨਾਲ ਹੁੱਕਾ ਪੀਣ ਦੀਆਂ ਵੀ ਸ਼ੌਕੀਨ ਹਨ| ਜ਼ਿਲ੍ਹੇ ਅੰਦਰ ਬੀਤੇ ਕਈ ਦਹਾਕਿਆਂ ਦੇ ਜੁਰਮ ਦੇ ਇਤਿਹਾਸ ਵਿੱਚ ਇਹ ਆਪਣੀ ਕਿਸਮ ਦਾ ਪਹਿਲਾ ਕੇਸ ਕਿਹਾ ਜਾ ਰਿਹਾ ਹੈ|