ਦਲਬੀਰ ਸੱਖੋਵਾਲੀਆ
ਬਟਾਲਾ, 4 ਜੁਲਾਈ
ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਪਿੰਡ ਖੁਜਾਲਾ ਵਿੱਚ ਕਸਬਾ ਊਧਨਵਾਲ ਨੂੰ ਜੋੜਦੀ ਸੜਕ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਮੰਤਰੀ ਨੇ ਪਿੰਡ ਦੀ ਪੰਚਾਇਤ ਅਤੇ ਪੀਐੱਸ ਕਾਹਲੋਂ ਸੁਸਾਇਟੀ ਦੇ ਅਹੁਦੇਦਾਰਾਂ ਨੂੰ ਸਟੇਡੀਅਮ ਖੁਜਾਲਾ ਲਈ 15 ਲੱਖ ਰੁਪਏ ਦਾ ਚੈੱਕ ਦਿੱਤਾ। ਹਲਕਾ ਸ਼੍ਰੀਹਰਗੋਬਿੰਦਪੁਰ ਦੇ ਵਿਧਾਇਕ ਲਾਡੀ ਨੇ ਮੰਤਰੀ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਹਲਕੇ ਅੰਦਰ ਖੇਡ ਸਭਿਆਚਾਰ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ ਹੈ। ਪਿੰਡ ਖੁਜਾਲਾ ਸਥਿਤ ਪਿੰਡ ਦੀ ਪੰਚਾਇਤ ਅਤੇ ਹੋਰ ਮੋਹਤਬਰਾਂ ਨੂੰ ਸੰਖ਼ੇਪ ਵਿੱਚ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਆਖਿਆ ਕਿ ਇਸ ਹਲਕੇ ਦਾ ਵਿਕਾਸ ਕਰਨਾ ਉਨ੍ਹਾਂ ਦਾ ਮੁੱਢਲਾ ਫਰਜ਼ ਬਣਦਾ ਹੈ, ਉਨ੍ਹਾਂ ਨੇੜਲੇ ਭਵਿੱਖ ਵਿੱਚ ਹਲਕੇ ’ਚ ਵਿਕਾਸ ਕਾਰਜ ਕਰਵਾਉਣ ਅਤੇ ਹੋਰ ਪ੍ਰਾਜੈਕਟ ਲਗਾਉਣ ਤੋਂ ਜਾਣੂ ਵੀ ਕਰਵਾਇਆ। ਇਸ ਤੋਂ ਪਹਿਲਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਹਾਜ਼ਰੀਨਾਂ ਨੂੰ ਦੱਸਿਆ ਕਿ ਹਲਕਾ ਸ਼੍ਰੀਹਰਗੋਬਿੰਦਪੁਰ ਦਾ ਚੁਫੇਰਿਓਂ ਵਿਕਾਸ ਕੀਤਾ ਜਾ ਰਿਹਾ ਹੈ। ਦੱਸਿਆ ਕਿ ਇਹ ਇਕ ਸੜਕ ਜੋ ਊਧਨਵਾਲ ਨੂੰ ਜੋੜਦੀ ਹੈ, ਬਣਨ ਨਾਲ ਲੋਕਾਂ ਨਾਲ ਚੋਣਾਂ ਦੌਰਾਨ ਕੀਤਾ ਗਿਆ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ’ਤੇ ਇਸਪੈਕਟਰ ਦਲਜੀਤ ਸਿੰਘ ਪੱਡਾ, ਚੇਅਰਮੈਨ ਮੰਗਲ ਸਿੰਘ, ਸਰਪੰਚ ਕੁਲਦੀਪ ਸਿੰਘ, ਸਰਪੰਚ ਲਖਵਿੰਦਰ ਸਿੰਘ ਢੰਡੇ, ਪ੍ਰਿੰਸੀਪਲ ਸ਼ਸ਼ੀ ਕਿਰਨ, ਸਿੰਕਦਰ ਸਿੰਘ ਕਾਹਲਵਾ, ਬਿਕਰਮਜੀਤ ਸਿੰਘ ਖ਼ਾਲਸਾ, ਸਕੱਤਰ ਸੁਖਜਿੰਦਰ ਸਿੰਘ ਸਮੇਤ ਅੱਧੀ ਦਰਜਨ ਤੋਂ ਵੱਧ ਪਿੰਡਾਂ ਦੇ ਸਰਪੰਚ ਅਤੇ ਹੋਰ ਮੋਹਤਬਰ ਹਾਜ਼ਰ ਸਨ।