ਪ੍ਰਭੂ ਦਿਆਲ
ਸਿਰਸਾ, 5 ਜੁਲਾਈ
ਸਟੇਟ ਵਿਜੀਲੈਂਸ ਦੀ ਟੀਮ ਨੇ ਡੱਬਵਾਲੀ ਸੀਆਈਏ ਥਾਣੇ ਵਿੱਚ ਤਾਇਨਾਤ ਸਬ ਇੰਸਪੈਕਟਰ ਅਜੈ ਕੁਮਾਰ ਨੂੰ ਦੋ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਰਿਸ਼ਵਤ ਐਸ.ਪੀ. ਦੇ ਨਾਂ ’ਤੇ ਮੰਗੀ ਜਾ ਰਹੀ ਸੀ। ਜਾਣਕਾਰੀ ਅਨੁਸਾਰ ਡੱਬਵਾਲੀ ਸੀਆਈਏ ਥਾਣੇ ਵਿੱਚ ਤਾਇਨਾਤ ਸਬ ਇੰਸਪੈਕਟਰ ਪਿੰਡ ਜੰਡਵਾਲਾ ਜਟਾਨ ਵਾਸੀ ਸੁੱਖਾ ਸਿੰਘ ਤੋਂ ਦੋ ਲੱਖ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਦੱਸਿਆ ਗਿਆ ਹੈ ਕਿ ਸੁੱਖਾ ਸਿੰਘ ਦੇ ਪਰਿਵਾਰ ’ਤੇ ਅਫ਼ੀਮ ਤਸਕਰੀ ਦੇ ਮਾਮਲੇ ਵਿੱਚ ਮੁਲਜ਼ਮਾਂ ਨੂੰ ਸ਼ਹਿ ਦੇਣ ਦਾ ਦੋਸ਼ ਲਾਇਆ ਗਿਆ ਸੀ। ਸਬ ਇੰਸਪੈਕਟਰ ਵੱਲੋਂ ਰਿਸ਼ਵਤ ਮੰਗੇ ਜਾਣ ਦੀ ਸੂਚਨਾ ਸੁੱਖਾ ਸਿੰਘ ਨੇ ਵਿਜੀਲੈਂਸ ਨੂੰ ਕੀਤੀ ਜਿਸ ਮਗਰੋਂ ਵਿਜੀਲੈਂਸ ਦੀ ਟੀਮ ਨੇ ਸਬ ਇੰਸਪੈਕਟਰ ਨੂੰ ਰੰਗੇ ਹੱਥੀ ਕਾਬੂ ਕੀਤਾ।