ਹਰਪ੍ਰੀਤ ਕੌਰ
ਹੁਸ਼ਿਆਰਪੁਰ, 5 ਜੁਲਾਈ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਵੱਲੋਂ ਪੇਅ-ਕਮਿਸ਼ਨ ਦੀ ਰਿਪੋਰਟ ਦੀਆਂ ਕਾਪੀਆਂ ਸਾੜ ਕੇ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਤੋਂ ਪਹਿਲਾਂ ਸਿੰਜਾਈ ਵਿਭਾਗ ਦੇ ਦਫ਼ਤਰ ਦੇ ਕੰਪਲੈਕਸ ਵਿੱਚ ਇੱਕ ਰੈਲੀ ਕੀਤੀ ਗਈ ਜਿਸ ਵਿੱਚ ਮਨਿਸਟੀਰੀਅਲ ਮੁਲਾਜ਼ਮਾਂ ਤੋਂ ਇਲਾਵਾ ਦਰਜਾ ਚਾਰ ਕਰਮਚਾਰੀਆਂ ਨੇ ਨਿਤਿਨ ਮਹਿਰਾ ਦੀ ਅਗਵਾਈ ਵਿੱਚ ਸ਼ਮੂਲੀਅਤ ਕੀਤੀ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਨੀਰੁੱਧ ਮੌਦਗਿਲ ਨੇ ਕਿਹਾ ਕਿ 7 ਜੁਲਾਈ ਨੂੰ ਸਮੂਹ ਮਨਿਸਟੀਰੀਅਲ ਮੁਲਾਜ਼ਮਾਂ ਵਲੋਂ ਸ਼ਹਿਰ ’ਚ ਸਕੂਟਰ ਰੈਲੀ ਕੱਢੀ ਜਾਵੇਗੀ। ਰੈਲੀ ਵਿਚ ਜਨਰਲ ਸਕੱਤਰ ਜਸਵੀਰ ਸਿੰਘ ਧਾਮੀ, ਪ੍ਰਧਾਨ ਦਰਜਾ ਚਾਰ ਨਿਤਿਨ ਮਹਿਰਾ, ਰਣਵੀਰ ਸਿੰਘ, ਲਖਵੀਰ ਸਿੰਘ, ਕਰਮਜੀਤ ਸਿੰਘ, ਹਰਭਜਨ ਕੌਰ, ਰੁਕਮਣੀ ਦੇਵੀ, ਵਿਨੈ ਕੁਮਾਰ, ਸੰਦੀਪ ਸੰਧੀ, ਰਮੇਸ਼ ਕੁਮਾਰ, ਰਾਜ ਕੁਮਾਰ, ਜੀਵਨ ਰਾਮ ਆਦਿ ਮੋਹਰੀ ਸਨ।
ਤਰਨਤਾਰਨ (ਗੁਰਬਖਸ਼ਪੁਰੀ): ਪੀਡਬਲਿਊ ਡੀ ਫੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਦੀ ਸਥਾਨਕ ਜ਼ਿਲ੍ਹਾ ਇਕਾਈ ਦੀ ਅੱਜ ਇੱਥੇ ਮੀਟਿੰਗ ਵਿੱਚ ਸੂਬਾ ਸਰਕਾਰ ਦੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਵਿੱਚ ਉਨ੍ਹਾਂ ਨਾਲ ਕੀਤੀਆਂ ਵਧੀਕੀਆਂ ਦੀ ਨਿਖੇਧੀ ਕੀਤੀ ਗਈ| ਜਥੇਬੰਦੀ ਦੇ ਸੂਬਾ ਕਮੇਟੀ ਆਗੂ ਸਤਨਾਮ ਸਿੰਘ ਦੀ ਅਗਵਾਈ ਵਿੱਚ ਕੀਤੀ ਇਸ ਮੀਟਿੰਗ ਨੂੰ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਦੋਬਲੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਵਿੱਚ ਜਿਥੇ ਉਨ੍ਹਾਂ ਨੂੰ ਟੈਕਨੀਕਲ ਸਕੇਲ ਦੇਣ ਤੋਂ ਇਨਕਾਰ ਕੀਤਾ ਗਿਆ ਹੈ ਉਥੇ ਵਿਭਾਗ ਅੰਦਰ ਨਿਗੁਣੀਆਂ ਤਨਖਾਹਾਂ ’ਤੇ ਕੰਮ ਕਰਦੇ ਕੱਚੇ (ਕੰਟਰੈਕਟ ਪ੍ਰਬੰਧ ਆਦਿ) ਤੇ ਸਾਲਾਂ ਤੋਂ ਨਿਗੁਣੀਆਂ ਤਨਖਾਹਾਂ ਤੇ ਕੰਮ ਕਰਦੇ ਆ ਰਹੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਕੋਈ ਸਿਫਾਰਸ਼ ਨਹੀਂ ਕੀਤੀ ਗਈ| ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ, ਬਲਦੇਵ ਸਿੰਘ, ਪਰਮਜੀਤ ਸਿੰਘ ਨੇ ਵੀ ਸੰਬੋਧਨ ਕੀਤਾ|ਮਾਸਟਰ ਕਾਡਰ ਯੂਨੀਅਨ ਪੰਜਾਬ ਦੀ ਸਥਾਨਕ ਜਿਲ੍ਹਾ ਇਕਾਈ ਵਲੋਂ ਛੇਵੇਂ ਤਨਖਾਹ ਕਮਿਸਨ ਦੀਆਂ ਸਿਫ਼ਾਰਿਸ਼ਾਂ ਖਿਲਾਫ਼ ਅੱਜ ਇਥੇ ਰੋਸ਼ ਵਿਖਾਵਾ ਕੀਤਾ| ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਢਿੱਲੋਂ ਨੇ ਇਸ ਮੌਕੇ ਜਿਲ੍ਹਾ ਭਰ ਤੋਂ ਆਏ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਿੱਚ ਤਿਆਰ ਕੀਤੀ ਕਮਿਸ਼ਨ ਦੀ ਰਿਪੋਰਟ ਰਾਹੀਂ ਅਧਿਆਪਕਾਂ ਸਮੇਤ ਹੋਰ ਮੁਲਾਜਮਾਂ ਦੀਆਂ ਜੇਬਾਂ ਵਿੱਚੋਂ ਚਾਲਾਕੀ ਨਾਲ ਪੈਸੇ ਕੱਢਵਾ ਲਏ ਗਏ ਹਨ| ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਸ਼ੋਤਮ ਸਿੰਘ ਕੱਦਗਿੱਲ, ਮਨਜਿੰਦਰ ਸਿੰਘ ਝੰਡੇਰ, ਨਰਿੰਦਰ ਸਿੰਘ ਢੋਟੀਆਂ ਨੇ ਵੀ ਸੰਬੋਧਨ ਕੀਤਾ|
ਅੰਮ੍ਰਿਤਸਰ (ਮਨਮੋਹਨ ਸਿੰੰਘ ਢਿੱਲੋਂ): ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਸੰਧੂ, ਜ਼ਿਲ੍ਹਾ ਜਨਰਲ ਸਕੱਤਰ ਜਗਦੀਸ਼ ਠਾਕੁਰ ਦੀ ਅਗਵਾਈ ਹੇਠ ਅੱਜ ਕਰਮਚਾਰੀਆਂ ਨੇ ਪੰਜਾਬ ਸਰਕਾਰ ਵੱਲੋਂ ਐਲਾਨੇ ਛੇਵੇਂ ਪੇਅ ਕਮਿਸ਼ਨ ਦੀਆਂ ਕਾਪੀਆਂ ਡਿਪਟੀ ਕਮਿਸ਼ਨਰ ਦੇ ਦਫਤਰ ਮੂਹਰੇ ਸਾੜ ਕੇ ਰੋਸ ਜ਼ਾਹਿਰ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੇਅ ਕਮਿਸ਼ਨ ਦੀ ਰਿਪੋਰਟ ਵਿੱਚ 2.25 ਅਤੇ 2.59 ਫੀਸਦ ਦੀ ਅਨੁਪਾਤ ਦੀ ਆਪਸ਼ਨ ਰੱਖ ਕੇ ਮੁਲਾਜ਼ਮਾਂ ਦਾ ਨੁਕਸਾਨ ਕੀਤਾ ਹੈ, ਇਸ ਲਈ ਮੁਲਾਜ਼ਮ ਜਥੇਬੰਦੀਆਂ ਮੁੱਢੋਂ ਖਾਰਜ ਕਰਦੀਆਂ ਹਨ। ਪੇਸ਼ ਕੀਤੀ ਰਿਪੋਰਟ ਅਨੁਸਾਰ ਬਹੁਤ ਸਾਰੇ ਮੁਲਾਜ਼ਮਾਂ ਨੂੰ ਮਿਲਦੇ ਭੱਤੇ ਖਤਮ ਕਰ ਦਿੱਤੇ ਗਏ ਹਨ।ਇਸ ਤੋਂ ਪਹਿਲਾਂ ਹੀ ਸਰਕਾਰ ਨੇ ਮੁਲਾਜ਼ਮਾਂ ਦੀਆਂ ਪੈਂਡਿੰਗ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਕਾਫੀ ਸਮੇ ਤੋਂ ਨਾ ਦੇ ਕੇ ਅਤੇ ਮੁਲਾਜ਼ਮਾਂ ’ਤੇ ਡਿਵੈਲਪਮੈਂਟ ਟੈਕਸ ਜਬਰੀ ਠੋਕ ਕੇ ਮੁਲਾਜ਼ਮਾਂ ਦਾ ਬਹੁਤ ਨੁਕਸਾਨ ਕੀਤਾ ਹੈ।