ਕਰਨ ਭੀਖੀ
ਭੀਖੀ, 5 ਜੁਲਾਈ
ਨੇੜਲੇ ਪਿੰਡ ਮੱਤੀ ਵਿੱਚ ਪੰਚਾਇਤ ਵਿੱਚ ਬੁਲਾ ਕੇ ਦਲਿਤ ਔਰਤ ਦੀ ਕੁੱਟਮਾਰ ਕਰਨ ਵਾਲੇ ਕਿਸਾਨ ਨੂੰ ਪੁਲੀਸ ਵੱਲੋਂ ਸਿਆਸੀ ਸਰਪ੍ਰਸਤੀ ਹੇਠ ਗ੍ਰਿਫਤਾਰ ਨਾ ਕਰਨ ਦੇ ਰੋਸ ਵਜੋਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਅਤੇ ਲਿਬਰੇਸ਼ਨ ਪਾਰਟੀ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਪੁਲੀਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਐਲਾਨ ਕੀਤਾ ਗਿਆ ਕਿ ਜੇਕਰ ਪਰਚੇ ਵਿੱਚ ਨਾਮਜ਼ਦ ਗੋਰਾ ਸਿੰਘ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤਾਂ ਕੈਪਟਨ ਸਰਕਾਰ ਤੇ ਪੁਲੀਸ ਪ੍ਰਸ਼ਾਨ ਖ਼ਿਲਾਫ਼ 2 ਅਗਸਤ ਨੂੰ ਭੀਖੀ ਵਿੱਚ ਵਿਸ਼ਾਲ ‘ਦਲਿਤ ਮਹਾ ਪੰਚਾਇਤ’ ਕੀਤੀ ਜਾਵੇਗੀ।
ਦਲਿਤ ਇਨਸਾਫ ਤੇ ਅਧਿਕਾਰ ਰੈਲੀ ਨੂੰ ਸੰਬੋਧਨ ਕਰਦਿਆਂ ਲਿਬਰੇਸ਼ਨ ਪਾਰਟੀ ਆਗੂ ਕਾਮਰੇਡ ਰਾਜਵਿੰਦਰ ਰਾਣਾ, ਮਜ਼ਦੂਰ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ, ਨਿੱਕਾ ਸਿੰਘ ਬਹਾਦਰਪੁਰ, ਗੁਰਮੀਤ ਸਿੰਘ ਨੰਦਗੜ੍ਹ, ਕਿਸਾਨ ਆਗੂ ਕਾਮਰੇਡ ਸੁਰਜੀਤ ਸਿੰਘ ਕੋਟਧਰਮੂ, ਭੋਲਾ ਸਿੰਘ ਸਮਾਓਂ, ਇਨਕਲਾਬੀ ਨੌਜਵਾਨ ਸਭਾ ਦੇ ਵਿੰਦਰ ਅਲਖ, ਆਇਸਾ ਦੇ ਸੂਬਾ ਪ੍ਰਧਾਨ ਪ੍ਰਦੀਪ ਗੁਰੂ, ਕਾ. ਵਿਜੈ ਕੁਮਾਰ ਭੀਖੀ ਨੇ ਕਿਹਾ ਕਿ ਪੰਜਾਬ ਅੰਦਰ ਮੋਦੀ ਸਰਕਾਰ ਦੀ ਤਰ੍ਹਾਂ ਕੈਪਟਨ ਸਰਕਾਰ ਦੀ ਸਰਪ੍ਰਸਤੀ ਹੇਠ ਦਲਿਤਾਂ ਉੱਪਰ ਲਗਾਤਾਰ ਅੱਤਿਆਚਾਰ ਵਧ ਰਹੇ ਹਨ ਜਿਸਦੀ ਤਾਜ਼ਾ ਉਦਾਹਰਨ ਮੱਤੀ ਵਿਖੇ ਦਲਿਤ ਔਰਤ ਨਾਲ਼ ਕੁੱਟਮਾਰ ਕਰਨ, ਨਿਹਾਲ ਸਿੰਘ ਵਾਲਾ ਦੇ ਦਲਿਤ ਨੂੰ ਨੰਗਾ ਕਰਕੇ ਕੁੱਟਮਾਰ ਕਾਰਨ, ਬਿਆਸ ਨਦੀ ਦੇ ਪੁਲ ’ਤੇ ਧਰਨਾ ਦੇ ਰਹੇ ਦਲਿਤਾਂ ਉੱਪਰ ਧਨਾਢਾਂ ਵੱਲੋਂ ਕੀਤੇ ਹਮਲੇ ਵਰਗੀਆਂ ਘਟਨਾਵਾਂ ਤੋਂ ਦੇਖੀ ਜਾ ਸਕਦੀ ਹੈ।