ਮਹਿੰਦਰ ਸਿੰਘ ਰੱਤੀਆਂ/ਗੁਰਪ੍ਰੀਤ ਦੌਧਰ
ਮੋਗਾ/ਅਜੀਤਵਾਲ, 5 ਜੁਲਾਈ
ਅਜੀਤਵਾਲ ਨੇੜੇ ਢੁੱਡੀਕੇ ਰਾਜਵਾਹੇ ’ਚੋਂ ਮਿਲੀ ਲਾਸ਼ ਦੀ ਪਛਾਣ ਅਗਵਾੜਾ ਲਧਾਈਕਾ ਜਗਰਾਉਂ ਨਿਵਾਸੀ ਰਾਜ ਕੁਮਾਰ (54) ਵਜੋਂ ਹੋਈ ਹੈ ਜੋ ਜਗਰਾਉਂ ਡਾਕਘਰ ਵਿੱਚ ਬਤੌਰ ਡਾਕੀਏ ਵਜੋਂ ਸੇਵਾਵਾਂ ਨਿਭਾਅ ਰਿਹਾ ਸੀ।
ਡੀਐੱਸਪੀ ਨਿਹਾਲ ਸਿੰਘ ਵਾਲਾ, ਪਰਸਨ ਸਿੰਘ ਦੀ ਅਗਵਾਈ ਹੇਠ ਥਾਣਾ ਅਜੀਤਵਾਲ ਮੁਖੀ ਸੁਖਜਿੰਦਰ ਸਿੰਘ ਨੇ ਇਸ ਅੰਨ੍ਹੇ ਕਤਲ ਦਾ 12 ਘੰਟੇ’ਚ ਹੀ ਸੁਰਾਗ ਲਗਾ ਕੇ ਮ੍ਰਿਤਕ ਦੀ ਪਤਨੀ ਤੇ ਉਸਦੇ ਪ੍ਰੇਮੀ ਨੂੰ ਹਵਾਲਾਤ ’ਚ ਡੱਕ ਦਿੱਤਾ ਹੈ।
ਡੀਐੱਸਪੀ ਪਰਸਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਾਜ ਕੁਮਾਰ ਦੇ ਚਚੇਰੇ ਭਰਾ ਬਲਬੀਰ ਸਿੰਘ ਵਾਸੀ ਰਾੜਾ ਅਗਵਾੜ, ਜਗਰਾਉਂ ਹਾਲ ਆਬਾਦ ਪਿੰਡ ਮਲਕ ਦੇ ਬਿਆਨ ਉੱਤੇ ਮ੍ਰਿਤਕ ਦੀ ਪਤਨੀ ਸੁਰਿੰਦਰ ਕੌਰ ਉਰਫ਼ ਰੇਖਾ ਅਤੇ ਉਸ ਦੇ ਪ੍ਰੇਮੀ ਦਲਜੀਤ ਸਿੰਘ ਉਰਫ਼ ਨਿੱਕਾ ਵਾਸੀ ਅਕਗਾੜ ਖਵਾਜਾ ਬਾਜੂ, ਜਗਰਾਉਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਲਿਆ ਗਿਆ ਹੈ। ਸ਼ਿਕਾਇਤਕਰਤਾ ਨੇ ਦੋਵਾਂ ਮੁਲਜ਼ਮਾਂ ’ਚ ਪ੍ਰੇਮ ਸਬੰਧਾਂ ਦਾ ਦੋਸ਼ ਲਗਾਇਆ ਹੈ।
ਐਫਆਈਆਰ ਮੁਤਾਬਕ ਮ੍ਰਿਤਕ ਡਾਕੀਏ ਰਾਜ ਕੁਮਾਰ ਦੀ ਪਤਨੀ ਸੁਰਿੰਦਰ ਕੌਰ ਉਰਫ਼ ਰੇਖਾ ਜੋ ਜਗਰਾਉਂ ਨਗਰ ਕੌਂਸਲ ਵਿੱਚ ਬਤੌਰ ਸਫ਼ਾਈ ਸੇਵਕਾ ਕੰਮ ਕਰਦੀ ਹੈ, ਦੇ ਦਲਜੀਤ ਸਿੰਘ ਉਰਫ਼ ਨਿੱਕਾ ਵਾਸੀ ਅਕਗਾੜ ਖਵਾਜਾ ਬਾਜੂ, ਜਗਰਾਉਂ ਨਾਲ ਪ੍ਰੇਮ ਸਬੰਧ ਸਨ। ਮੁਲਜ਼ਮ ਔਰਤ, 22 ਸਾਲ ਦਾ ਪੁੱਤ ਤੇ ਦੋ ਮੁਟਿਆਰ ਧੀਆਂ ਦੀ ਮਾਂ ਹੈ। ਪਿਆਰ ’ਚ ਹੋਈ ਅੰਨ੍ਹੀ ਹੋਈ ਮੁਲਜ਼ਮ ਰੇਖਾ ਨੇ ਆਪਣੇ ਪ੍ਰੇਮੀ ਦਲਜੀਤ ਸਿੰਘ ਉਰਫ਼ ਨਿੱਕਾ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਦੋਵਾਂ ਨੇ ਤੇਜ਼ਧਾਰ ਹਥਿਆਰ ਨਾਲ ਗਰਦਨ ਉੱਤੇ ਵਾਰ ਕਰਕੇ ਹੱਤਿਆ ਬਾਅਦ ਉਸ ਦੀ ਲਾਸ਼ ਨਹਿਰ ਵਿੱਚ ਰੋੜ੍ਹ ਦਿੱਤੀ ਸੀ ਜੋ ਬੀਤੇ ਕੱਲ੍ਹ ਐਤਵਾਰ ਅਜੀਤਵਾਲ ਨੇੜੇ ਢੁੱਡੀਕੇ ਰਾਜਵਾਹੇ ’ਚੋਂ ਮਿਲੀ ਸੀ।