ਸਰਬਜੀਤ ਗਿੱਲ
ਫਿਲੌਰ, 5 ਜੁਲਾਈ
ਸਬ ਡਵੀਜ਼ਨ ਦੇ ਪਿੰਡ ਨਵਾਂ ਪਿੰਡ ਨਾਇਚਾ ਪੁੱਜੇ ਬਸਪਾ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਦਾ ਪਿੰਡ ਦੀ ਸਰਪੰਚ ਬੀਬੀ ਕਵਿਤਾ ਵੱਲੋਂ ਵਿਰੋਧ ਕੀਤਾ ਗਿਆ। ਉਧਰ ਬਸਪਾ ਪ੍ਰਧਾਨ ਨੇ ਦੋਸ਼ ਲਾਇਆ ਕਿ ਇਹ ਕਥਿਤ ਹਮਲਾ ਕਾਂਗਰਸ ਨੇ ਕਰਵਾਇਆ ਅਤੇ ਇਸ ਦਾ ਮੋੜਵਾਂ ਜਵਾਬ ਦਿੱਤਾ ਜਾਵੇਗਾ। ਟਰੈਕਟਰ ’ਤੇ ਬੈਠੀ ਕਵਿਤਾ ਨੇ ਹੱਥ ਦੇ ਇਸ਼ਾਰੇ ਨਾਲ ਬਸਪਾ ਦੇ ਸੂਬਾਈ ਪ੍ਰਧਾਨ ਦੀ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਸਵਾਲ ਕੀਤਾ ਕਿ ਜੇ ਆਗੂ ਵੋਟਾਂ ਵੇਲੇ ਵੀ ਗੱਲ ਨਾ ਸੁਣੇ ਤਾਂ ਆਖ਼ਰ ਵੋਟਾਂ ਕਿੱਥੋਂ ਲੈਣੀਆਂ ਹਨ। ਉਨ੍ਹਾਂ ਕਿਹਾ ਕਿ ਸਾਰਾ ਪਿੰਡ ਇਕੱਠਾ ਹੈ ਅਤੇ ਕੁੱਝ ਪਿੰਡ ਦੇ ਆਗੂ ਪਿੰਡ ਦੇ ਹਾਲਾਤ ਖ਼ਰਾਬ ਕਰਨ ਲੱਗੇ ਹੋਏ ਹਨ।
ਬਸਪਾ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਅੱਜ ਪਿੰਡ ਨਵਾਂ ਪਿੰਡ ਨਾਇਚਾ ਦੇ ਬਸਪਾ ਆਗੂ ਸੁਖਵਿੰਦਰ ਬਿੱਟੂ ’ਤੇ ਹੋਏ ਕਾਤਲਾਨਾ ਹਮਲੇ ਉਪਰੰਤ ਹਮਲਾਵਰਾਂ ਨੂੰ ਤੁਰੰਤ ਕਾਬੂ ਕਰਨ ਦੀ ਮੰਗ ਨੂੰ ਲੈ ਕੇ ਅਤੇ ਬਿੱਟੂ ਦਾ ਹਾਲ ਪੁੱਛਣ ਵਾਸਤੇ ਪੁੱਜੇ ਸਨ। ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੜ੍ਹੀ ਨੇ ਦੋਸ਼ ਲਗਾਇਆ ਕਿ ਇਹ ਹਮਲਾ ਕਾਂਗਰਸ ਵਲੋਂ ਕੀਤਾ ਗਿਆ ਸੀ। ਉਨ੍ਹਾਂ ਮੰਗ ਕੀਤੀ ਕਿ ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਪਿੱਛੇ ਹਲਕੇ ਦੇ ਕਾਂਗਰਸੀ ਆਗੂ ਹਨ ਜਾਂ ਸੁਪਾਰੀ ਦੇ ਕੇ ਕਰਵਾਇਆ ਹਮਲਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਦੇ ਹਰ ਹਮਲੇ ਦਾ ਜਵਾਬ ਦੇਣਾ ਜਾਣਦਾ ਹੈ ਅਤੇ ਜਲਦੀ ਹੀ ਇਸ ਦੀ ਇਕੱਤੀਆਂ ਦੇ ਥਾਂ ਇਕਵੰਜਾ ਨਾਲ ਭਾਜੀ ਮੋੜੀ ਜਾਵੇਗੀ। ਸਾਬਕਾ ਸੂਬਾ ਪ੍ਰਧਾਨ ਨੂੰ ਪਾਰਟੀ ’ਚੋਂ ਕੱਢੇ ਜਾਣ ਬਾਅਦ ਉਪਜੇ ਹਲਾਤ ਬਾਰੇ ਉਨ੍ਹਾਂ ਕਿਹਾ ਕਿ ਭੈਣ ਮਾਇਆਵਤੀ ਦੇ ਫ਼ੈਸਲੇ ਦਾ ਵਿਰੋਧ ਕੀਤਾ ਗਿਆ ਤਾਂ ਹੀ ਰਛਪਾਲ ਰਾਜੂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧ ਕਿਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।