ਮੁੰਬਈ, 5 ਜੁਲਾਈ
ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਦੇ ਚੈਂਬਰ ’ਚ ਪ੍ਰੀਜ਼ਾਈਡਿੰਗ ਅਫ਼ਸਰ ਭਾਸਕਰ ਜਾਧਵ ਨਾਲ ‘ਦੁਰਵਿਹਾਰ’ ਕਰਨ ਦੇ ਦੋਸ਼ਾਂ ਹੇਠ ਭਾਜਪਾ ਦੇ 12 ਵਿਧਾਇਕਾਂ ਨੂੰ ਵਿਧਾਨ ਸਭਾ ’ਚੋਂ ਇਕ ਸਾਲ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਵਿਰੋਧੀ ਧਿਰ ਦੇ ਆਗੂ ਅਤੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਦੋਸ਼ਾਂ ਨੂੰ ਝੂਠ ਕਰਾਰ ਦਿੰਦਿਆਂ ਕਿਹਾ ਕਿ ਜਾਧਵ ਵੱਲੋਂ ਦਿੱਤਾ ਗਿਆ ਘਟਨਾ ਦਾ ਬਿਓਰਾ ‘ਇਕਪਾਸੜ’ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼ਿਵ ਸੈਨਾ ਦੇ ਕੁਝ ਵਿਧਾਇਕਾਂ ਨੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ ਅਤੇ ਉਹ ਖੁਦ ਭਾਜਪਾ ਵਿਧਾਇਕਾਂ ਨੂੰ ਸਪੀਕਰ ਦੇ ਚੈਂਬਰ ’ਚੋਂ ਬਾਹਰ ਲਿਆਏ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਜੇਕਰ ਇਹ ਦੋਸ਼ ਸਾਬਿਤ ਹੋਏ ਤਾਂ ਉਹ ਕੋਈ ਵੀ ਸਜ਼ਾ ਭੁਗਤਣ ਲਈ ਤਿਆਰ ਹਨ।
ਸੂਬੇ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨਿਲ ਪਰਬ ਨੇ ਵਿਧਾਇਕਾਂ ਨੂੰ ਮੁਅੱਤਲ ਕਰਨ ਦਾ ਮਤਾ ਪੇਸ਼ ਕੀਤਾ ਜਿਸ ਨੂੰ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਜਿਨ੍ਹਾਂ ਵਿਧਾਇਕਾਂ ਨੂੰ ਮੁਅੱਤਲ ਕੀਤਾ ਗਿਆ ਹੈ, ਉਨ੍ਹਾਂ ’ਚ ਸੰਜੈ ਕੁਟੇ, ਆਸ਼ੀਸ਼ ਸ਼ੇਲਾਰ, ਅਭਿਮੰਨਿਊ ਪਵਾਰ, ਗਿਰੀਸ਼ ਮਹਾਜਨ, ਅਤੁਲ ਭਟਖਾਲਕਰ, ਪਰਾਗ ਅਲਾਵਨੀ, ਹਰੀਸ਼ ਪਿੰਪਲੇ, ਯੋਗੇਸ਼ ਸਾਗਰ, ਜਯ ਕੁਮਾਰ ਰਾਵਤ, ਨਾਰਾਇਣ ਕੁਚੇ, ਰਾਮ ਸਤਪੁਤੇ ਅਤੇ ਬੰਟੀ ਭਾਂਗੜੀਆ ਸ਼ਾਮਲ ਹਨ। ਪਰਬ ਨੇ ਕਿਹਾ ਕਿ ਮੁਅੱਤਲ ਕੀਤੇ ਗਏ 12 ਵਿਧਾਇਕਾਂ ਨੂੰ ਇਕ ਸਾਲ ਤੱਕ ਮੁੰਬਈ ਅਤੇ ਨਾਗਪੁਰ ’ਚ ਵਿਧਾਨ ਮੰਡਲ ਪਰਿਸਰਾਂ ’ਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਫ਼ੈਸਲੇ ’ਤੇ ਇਤਰਾਜ਼ ਜਤਾਉਂਦਿਆਂ ਦੇਵੇਂਦਰ ਫੜਨਵੀਸ ਦੀ ਅਗਵਾਈ ਹੇਠ ਭਾਜਪਾ ਮੈਂਬਰਾਂ ਨੇ ਕਿਹਾ ਕਿ ਵਿਰੋਧੀ ਧਿਰ ਸਦਨ ਦੀ ਕਾਰਵਾਈ ਦਾ ਬਾਈਕਾਟ ਕਰੇਗੀ। ਫੜਨਵੀਸ ਨੇ ਕਿਹਾ ਕਿ ਇਹ ਝੂਠਾ ਦੋਸ਼ ਹੈ ਅਤੇ ਵਿਰੋਧੀ ਮੈਂਬਰਾਂ ਦੀ ਗਿਣਤੀ ਘੱਟ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ਼ੇਲਾਰ ਦੇ ਮੁਆਫ਼ੀ ਮੰਗਣ ’ਤੇ ਹੀ ਮਾਮਲਾ ਖ਼ਤਮ ਹੋ ਗਿਆ ਸੀ। -ਪੀਟੀਆਈ
ਮੁਅੱਤਲ ਵਿਧਾਇਕਾਂ ਨੇ ਰਾਜਪਾਲ ਕੋਲ ਮਹਾ ਵਿਕਾਸ ਅਗਾੜੀ ਦੀ ਕੀਤੀ ਸ਼ਿਕਾਇਤ
ਮਹਾਰਾਸ਼ਟਰ ਵਿਧਾਨ ਸਭਾ ’ਚੋਂ ਮੁਅੱਤਲ ਕੀਤੇ ਗਏ ਭਾਜਪਾ ਦੇ 12 ਵਿਧਾਇਕਾਂ ਨੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਕਰਕੇ ਇਸ ਮਾਮਲੇ ’ਚ ਉਨ੍ਹਾਂ ਦੇ ਦਖ਼ਲ ਦੀ ਮੰਗ ਕੀਤੀ। ਉਨ੍ਹਾਂ ਮਹਾ ਵਿਕਾਸ ਅਗਾੜੀ ਸਰਕਾਰ ਦੀ ਸ਼ਿਕਾਇਤ ਕਰਦਿਆਂ ਕਿਹਾ ਕਿ ਉਹ ਜਮਹੂਰੀਅਤ ਦਾ ਘਾਣ ਕਰ ਰਹੀ ਹੈ। ਭਾਜਪਾ ਦੇ ਚੀਫ਼ ਵ੍ਹਿਪ ਆਸ਼ੀਸ਼ ਸ਼ੇਲਾਰ ਨੇ ਮੰਗ ਪੱਤਰ ਸੌਂਪਦਿਆਂ ਪ੍ਰੀਜ਼ਾਈਡਿੰਗ ਅਫ਼ਸਰ ਨਾਲ ਦੁਰਵਿਹਾਰ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ, ਐੱਨਸੀਪੀ ਅਤੇ ਕਾਂਗਰਸ ਦੇ ਵਿਧਾਇਕਾਂ ਨੇ ਦੁਰਵਿਹਾਰ ਕੀਤਾ ਅਤੇ ਸਾਰੇ ਦੋਸ਼ ਭਾਜਪਾ ਮੈਂਬਰਾਂ ’ਤੇ ਮੜ੍ਹ ਦਿੱਤੇ।