ਨਵੀਂ ਦਿੱਲੀ, 7 ਜੁਲਾਈ
ਨਵੇਂ ਆਈਟੀ ਨੇਮ ਲਾਗੂ ਹੋਣ ਦੇ ਮੱਦੇਨਜ਼ਰ ਦਿੱਲੀ ਹਾਈ ਕੋਰਟ ਨੇ ਡਿਜੀਟਲ ਮੀਡੀਆ ਪੋਰਟਲਾਂ ਨੂੰ ਉਲੰਘਣਾ ਦੇ ਮਾਮਲੇ ਵਿਚ ਸਖ਼ਤ ਕਾਰਵਾਈ ਤੋਂ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਨ੍ਹਾਂ ਪੋਰਟਲਾਂ ਨੇ ਨਵੇਂ ਆਈਟੀ ਨਿਯਮਾਂ ਨੂੰ ਚੁਣੌਤੀ ਦਿੱਤੀ ਸੀ ਤੇ ਹਾਈ ਕੋਰਟ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਰੀਆਂ ਪਟੀਸ਼ਨਾਂ ਨੂੰ ਸੁਪਰੀਮ ਕੋਰਟ ਟਰਾਂਸਫਰ ਕਰਨ ਬਾਰੇ ਅਰਜ਼ੀ ਪਾਈ ਗਈ ਹੈ। ਇਸ ਲਈ ਸੁਣਵਾਈ ਮੁਲਤਵੀ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ‘ਦਿ ਵਾਇਰ’, ‘ਕੁਇੰਟ ਡਿਜੀਟਲ ਮੀਡੀਆ ਲਿਮਿਟਡ’ ਤੇ ‘ਪ੍ਰਾਵਦਾ ਮੀਡੀਆ ਫਾਊਂਡੇਸ਼ਨ’ ਨੇ ਪਟੀਸ਼ਨ ਦਾਇਰ ਕੀਤੀ ਸੀ। ਮਾਮਲੇ ਉਤੇ ਸੁਣਵਾਈ 20 ਅਗਸਤ ਤੱਕ ਅੱਗੇ ਪਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਨਵੇਂ ਨਿਯਮਾਂ ਤਹਿਤ ਇਤਰਾਜ਼ ਜਤਾਉਣ ’ਤੇ ਵਿਵਾਦਤ ਸਮੱਗਰੀ ਨੂੰ ਤੇਜ਼ੀ ਨਾਲ ਹਟਾਉਣਾ, ਸ਼ਿਕਾਇਤ ਨਿਵਾਰਨ ਅਧਿਕਾਰੀ ਨਿਯੁਕਤ ਕਰਨਾ ਜ਼ਰੂਰੀ ਕੀਤਾ ਗਿਆ ਹੈ।