ਸ਼ਗਨ ਕਟਾਰੀਆ
ਬਠਿੰਡਾ, 6 ਜੁਲਾਈ
ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਨੇ ਆਪਣੀਆਂ ਮੰਗਾਂ ਲਈ ਇਥੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਯੂਨੀਅਨ ਦੀਆਂ ਆਗੂ ਸੁਖਵਿੰਦਰ ਕੌਰ, ਸੁਖਜੀਤ ਕੌਰ ਤੇ ਜੋਗਿੰਦਰ ਕੌਰ ਨੇ ਇਸ ਮੌਕੇ ਕਿਹਾ ਕਿ ਕੋਵਿਡ ਮਹਾਮਾਰੀ ਦੌਰਾਨ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਵਾਲੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਦੀਆਂ ਹੱਕੀ ਮੰਗਾਂ ਪ੍ਰਤੀ ਸਰਕਾਰ ਦੀ ਟਾਲ ਮਟੋਲ ਵਾਲੀ ਨੀਤੀ ਗ਼ਲਤ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਮੰਗਾਂ ਦੀ ਪੂਰਤੀ ਲਈ ਚਿਰਾਂ ਤੋਂ ਸੰਘਰਸ਼ ਕਰ ਰਹੀਆਂ ਹਨ ਪਰ ਕਿਧਰੇ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਮੰਗ ਕੀਤੀ ਕਿ ਆਸ਼ਾ ਵਰਕਰਾਂ ਨੂੰ ਹਰਿਆਣਾ ਪੈਟਰਨ ‘ਤੇ ਤਨਖਾਹ ਅਤੇ ਸਹੂਲਤਾਂ ਦਿੱਤੀਆਂ ਜਾਣ। ਇਸ ਮੌਕੇ ਪਰਮਜੀਤ ਕੌਰ ਅਤੇ ਕੁਲਦੀਪ ਕੌਰ ਵੀ ਮੌਜੂਦ ਸਨ।
ਮਾਨਸਾ (ਜੋਗਿੰਦਰ ਸਿੰਘ ਮਾਨ): ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਮਾਨਸਾ ਵੱਲੋਂ ਦੂਜੇ ਦਿਨ ਕੰਮ ਬੰਦ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਕਾਲੀਆਂ ਚੁੰਨੀਆਂ ਲੈ ਕੇ ਧਰਨਾ ਲਾਇਆ ਗਿਆ। ਧਰਨੇ ਤੋਂ ਬਾਅਦ ਉਨ੍ਹਾਂ ਮਾਨਸਾ ਦੇ ਸਿਵਲ ਸਰਜਨ ਨੂੰ ਮੰਗ ਪੱਤਰ ਸੌਂਪਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਕੌਰ ਸੁੱਖੀ ਨੇ ਕਿਹਾ ਕਿ ਉਹ ਪਿਛਲੇ 12 ਸਾਲਾਂ ਤੋਂ ਬਿਨਾਂ ਤਨਖਾਹ ਤੋਂ ਨਿਗੂਣਿਆਂ ਭੱਤਿਆਂ ‘ਤੇ ਕੰਮ ਕਰ ਰਹੀਆਂ ਹਨ।
ਧਨੌਲਾ (ਪੁਨੀਤ ਮੈਨਨ): ਆਸ਼ਾ ਵਰਕਰ ਅਤੇ ਆਸ਼ਾ ਫੈਸਿਲੀਟੇਟਰ ਯੂਨੀਅਨ ਦੇ ਵਰਕਰਾਂ ਨੇ ਕਾਲੀਆਂ ਚੁੰਨੀਆਂ ਲੈ ਕੇ ਸੂਬਾ ਸਰਕਾਰ ਖ਼ਿਲਾਫ਼ ਸਰਕਾਰੀ ਹਸਪਤਾਲ ਵਿੱਚ ਰੋਸ ਜ਼ਾਹਿਰ ਕੀਤਾ। ਇਸ ਮੌਕੇ ਯੂਨੀਅਨ ਦੇ ਆਗੂਆਂ ਪਵਨਪ੍ਰੀਤ ਕੌਰ ਅਤੇ ਸਿਮਰਨਜੀਤ ਕੌਰ ਨੇ ਸੰਬੋਧਨ ਕੀਤਾ।
ਤਪਾ ਮੰਡੀ (ਸੀ. ਮਾਰਕੰਡਾ): ਇਥੇ ਅੱਜ ਦੂਸਰੇ ਦਿਨ ਵੀ ਸਬ ਡਿਵੀਜ਼ਨ ਹਸਲਤਾਲ ਤਪਾ ਬਲਾਕ ਵਿੱਚ ਤਾਇਨਾਤ ਸਮੂਹ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰ ਵਰਕਰਾਂ ਦੀ ਯੂਨੀਅਨ ਨੇ ਹੜਤਾਲ ਜਾਰੀ ਰੱਖੀ।