ਪੱਤਰ ਪ੍ਰੇਰਕ
ਪਾਤੜਾਂ, 6 ਜੁਲਾਈ
ਕਿਸਾਨ ਅੰਦੋਲਨ ਵਿੱਚ ਲਗਾਤਾਰ ਹਾਜ਼ਰੀ ਭਰਦੇ ਆ ਰਹੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਪਿੰਡ ਸ਼ੇਰਗੜ੍ਹ ਇਕਾਈ ਦੇ ਆਗੂ ਦੀ ਮੌਤ ਹੋ ਗਈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਨੇ ਦੱਸਿਆ ਹੈ ਕਿ ਪਿੰਡ ਸ਼ੇਰਗੜ੍ਹ ਇਕਾਈ ਦੇ ਖਜ਼ਾਨਚੀ ਹਰਜੀਤ ਸਿੰਘ ਦਾ ਬੀਤੀ ਰਾਤ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਤੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਹਰਜੀਤ ਸਿੰਘ ਟੌਲ ਪਲਾਜ਼ਾ ਪੈਂਦ ’ਤੇ ਦਿਨ-ਰਾਤ ਸੰਘਰਸ਼ ਵਿਚ ਡਟਿਆ ਹੋਇਆ ਸੀ ਤੇ ਉਹ ਲਗਾਤਾਰ ਦਿੱਲੀ ਮੋਰਚੇ ਵਿਚ ਵੀ ਹਾਜ਼ਰੀ ਭਰ ਰਿਹਾ ਸੀ। ਉਨ੍ਹਾਂ ਦੱਸਿਆ ਹੈ ਕਿ ਕਿਸਾਨ ਆਗੂ ਹਰਜੀਤ ਸਿੰਘ ਜ਼ਿਆਦਾ ਗਰਮੀ ਕਾਰਨ ਬਿਮਾਰ ਹੋ ਗਿਆ ਸੀ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਰੋਡੇ ਦੇ ਕਿਸਾਨ ਦਾ ਸਿੰਘੂ ਬਾਰਡਰ ’ਤੇ ਦੇਹਾਂਤ
ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜੁਲਾਈ
ਪਿੰਡ ਰੋਡੇ ਤਹਿਸੀਲ ਬਾਘਾਪੁਰਾਣਾ ਜ਼ਿਲ੍ਹਾ ਮੋਗਾ ਦੇ ਦਰਸ਼ਨ ਸਿੰਘ ਰੋਡੇ (71) ਜੋ ਸਿੰਘੂ ਮੋਰਚਾ ਦਿੱਲੀ ਵਿੱਚ 26 ਨਵੰਬਰ 2020 ਤੋਂ ਡਟੇ ਹੋਏ ਸਨ, ਦਾ ਅੱਜ ਸਵੇਰੇ 9.45 ਵਜੇ ਸ਼ੂਗਰ ਵਧ ਜਾਣ ਕਾਰਨ ਦੇਹਾਂਤ ਹੋ ਗਿਆ। ਉਹ ਕਿਰਤੀ ਕਿਸਾਨ ਯੂਨੀਅਨ ਦੇ ਕਾਰਕੁਨ ਸਨ ਤੇ ਉਨ੍ਹਾਂ ਵਿਆਹ ਨਹੀਂ ਕਰਵਾਇਆ। ਕਿਸਾਨ ਆਗੂਆਂ ਜਤਿੰਦਰ ਸਿੰਘ ਛੀਨਾ, ਅਵਤਾਰ ਸਿੰਘ ਮੇਹਲੋਂ, ਬਲਦੇਵ ਸਿੰਘ ਲਤਾਲਾ, ਕਸ਼ਮੀਰ ਸਿੰਘ, ਗੁਲਜ਼ਾਰ ਸਿੰਘ ਬਸੰਤ ਕੋਟ ਨੇ ਉਨ੍ਹਾਂ ਦੀ ਦੇਹ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਦੀ ਦੇਹ ਦਾ ਪੋਸਟਮਾਰਟਮ ਸਿਵਲ ਹਸਪਤਾਲ ਸੋਨੀਪਤ ਹਰਿਆਣਾ ਵਿੱਚ ਕੀਤਾ ਗਿਆ। ਇਸ ਮੌਕੇ ਕਜਤਿੰਦਰ ਸਿੰਘ ਛੀਨਾ ਤੇ ਬਲਕਰਨ ਸਿੰਘ ਵੈਰੋਕੇ ਹਾਜ਼ਰ ਸਨ। ਦਰਸ਼ਨ ਸਿੰਘ ਦੀ ਮੌਤ ’ਤੇ ਨਿਰਭੈ ਸਿੰਘ ਢੁੱਡੀਕੇ, ਬਲਬੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜ ਗਿੱਲ, ਗੁਰਨਾਮ ਸਿੰਘ ਚੜੂਨੀ ਨੇ ਦੁੱਖ ਪ੍ਰਗਟਾਇਆ।