ਚੰਡੀਗੜ੍ਹ (ਰੁਚਿਕਾ ਐਮ. ਖੰਨਾ/ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ’ਚ ਬਿਜਲੀ ਸਪਲਾਈ ਦੀ ਮਾੜੀ ਹਾਲਤ ਦੇ ਮੱਦੇਨਜ਼ਰ ਹੁਣ ਸੂਬਾ ਸਰਕਾਰ ਨੇ ਵੱਡੇ ਉਦਯੋਗਾਂ ਨੂੰ ਤਿੰਨ ਦਿਨ ਹੋਰ (10 ਜੁਲਾਈ ਤੱਕ) ਕੰਮ ਬੰਦ ਰੱਖਣ ਲਈ ਕਹਿ ਦਿੱਤਾ ਹੈ। ਇਸ ਸਬੰਧੀ ਹੁਕਮ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਨੇ ਸੋਮਵਾਰ ਦੇਰ ਰਾਤ ਜਾਰੀ ਕੀਤੇ ਹਨ। ਕੇਂਦਰੀ, ਉੱਤਰੀ ਤੇ ਪੱਛਮੀ ਜ਼ੋਨ ਦੇ ਵੱਡੇ ਉਦਯੋਗ ਜੋ ਕਿ 100 ਕਿਲੋਵਾਟ ਤੋਂ ਵੱਧ ਦਾ ਲੋਡ ਲੈਂਦੇ ਹਨ, ’ਤੇ ਬਿਜਲੀ ਸਬੰਧੀ ਪਾਬੰਦੀਆਂ ’ਚ ਵਾਧਾ ਕੀਤਾ ਗਿਆ ਹੈ। ਲਗਾਤਾਰ ਸਪਲਾਈ ਲੈਣ ਵਾਲੇ ਸਨਅਤੀ ਖੇਤਰ ਨੂੰ ਵੀ ਪ੍ਰਵਾਨਿਤ ਲੋਡ ਦਾ 8-18 ਜੁਲਾਈ ਤੱਕ 50 ਪ੍ਰਤੀਸ਼ਤ ਵਰਤਣ ਲਈ ਕਿਹਾ ਗਿਆ ਹੈ। ਇਹ ਯੂਨਿਟਾਂ ਹਾਲੇ ਤੱਕ ਕੰਟਰੈਕਟਡ ਲੋਡ ਦਾ 30 ਪ੍ਰਤੀਸ਼ਤ ਹੀ ਵਰਤ ਰਹੀਆਂ ਸਨ। ਪਾਵਰ ਕਾਰਪੋਰੇਸ਼ਨ ਹਾਲਾਂਕਿ ਖੇਤੀਬਾੜੀ ਖੇਤਰ ਦੇ ਵਧੇ ਲੋਡ ਨੂੰ ਲਗਾਤਾਰ ਪੂਰ ਰਿਹਾ ਹੈ। ਪਰ ਮੌਨਸੂਨ ਦੇ ਪੱਛੜਨ ਕਾਰਨ ਸੂਬੇ ਦੀ ਉਦਯੋਗਿਕ ਅਰਥਵਿਵਸਥਾ ਇਨ੍ਹਾਂ ਪਾਬੰਦੀਆਂ ਕਾਰਨ ਹਿੱਲ ਗਈ ਹੈ। ਪੂਰੇ ਸੂਬੇ ਵਿਚ ਉਦਯੋਗਪਤੀ ਵੱਡਾ ਨੁਕਸਾਨ ਹੋਣ ਬਾਰੇ ਕਹਿ ਰਹੇ ਹਨ ਤੇ ਨਾਲ ਹੀ ਸਰਕਾਰ ਦੇ ਕੱਟ ਲਾਉਣ ਦੇ ਤਰਕ ਉਤੇ ਸਵਾਲ ਉਠਾ ਰਹੇ ਹਨ। ‘ਪੰਜਾਬ ਸਮਾਲ ਇੰਡਸਟਰੀਜ਼ ਐਸੋਸੀਏਸ਼ਨ’ ਦੇ ਪ੍ਰਧਾਨ ਬਦੀਸ਼ ਜਿੰਦਲ ਨੇ ਕਿਹਾ ‘50 ਵਰਕਰਾਂ ਵਾਲੀ ਯੂਨਿਟ ਨੂੰ ਰੋਜ਼ਾਨਾ ਅੰਦਾਜ਼ਨ 35 ਹਜ਼ਾਰ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਐਨੇ ਨੁਕਸਾਨ ਵਿਚਾਲੇ ਅਸੀਂ ਕਿੰਨਾ ਚਿਰ ਬਚ ਸਕਾਂਗੇ। ਕੀ ਵੋਟ ਬੈਂਕ ਸਿਆਸਤ ਲਈ ਅਰਥਵਿਵਸਥਾ ਦੀ ਬਲੀ ਦਿੱਤੀ ਜਾਵੇਗੀ?’ ਦੱਸਣਯੋਗ ਹੈ ਕਿ ਸੂਬੇ ਦੀ ਬਿਜਲੀ ਦੀ ਔਸਤ ਮੰਗ ਝੋਨੇ ਦੇ ਸੀਜ਼ਨ ਵਿਚ ਔਸਤਨ 14500 ਮੈਗਾਵਾਟ ਨੂੰ ਪਹੁੰਚ ਗਈ ਹੈ ਜਦਕਿ ਸਪਲਾਈ 13200 ਮੈਗਾਵਾਟ ਉਤੇ ਟਿਕੀ ਹੋਈ ਹੈ।