ਪਾਲ ਸਿੰਘ ਨੌਲੀ
ਜਲੰਧਰ, 6 ਜੁਲਾਈ
ਪੁਰਾਣੀ ਪੈਨਸ਼ਨ ਦੀ ਮੰਗ ਨੂੰ ਸਰਕਾਰ ਵੱਲੋਂ ਲਗਾਤਾਰ ਅਣਗੌਲਿਆਂ ਕੀਤੇ ਜਾਣ ਦੇ ਵਿਰੋਧ ’ਚ ਐੱਨਪੀਐੱਸ ਮੁਲਾਜ਼ਮਾਂ ਨੇ ਰੋਸ ਵਿਖਾਵਾ ਕਰਦਿਆਂ ਜ਼ਿਲ੍ਹਾ ਜਲੰਧਰ ਦੇ ਕੋ-ਕਨਵੀਨਰ ਦਿਲਬਾਗ ਸਿੰਘ ਅਤੇ ਜੀਟੀਯੂ ਜਲੰਧਰ ਦੇ ਜਰਨਲ ਸਕੱਤਰ ਗਣੇਸ਼ ਭਗਤ ਦੀ ਅਗਵਾਈ ’ਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਨਵੀਂ ਪੈਨਸ਼ਨ ਸਕੀਮ ਪ੍ਰਤੀ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਇੱਕੋ ਹੀ ਪੋਸਟ ਤੋਂ ਸੇਵਾਮੁਕਤ ਹੋਣ ਵਾਲੇ ਸਾਥੀ ਵੱਖ-ਵੱਖ ਪੈਨਸ਼ਨਾਂ ਲੈ ਰਹੇ ਹਨ। ਇਹ ਪੈਨਸ਼ਨ ਜਿਥੇ ਇੱਕ ਕਰਮਚਾਰੀ ਲਗਪਗ 30 ਹਜ਼ਾਰ ਲੈ ਰਿਹਾ ਉਥੇ ਐੱਨਪੀਐੱਸ ਅਧੀਨ ਬਰਾਬਰ ਦੀ ਪੋਸਟ ਤੋਂ ਸੇਵਾਮੁਕਤ ਹੋਣ ਵਾਲਾ ਕਰਮਚਾਰੀ ਸਿਰਫ ਦੋ ਹਜ਼ਾਰ ਪੈਨਸ਼ਨ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੱਧ ਵਿਤਕਰਾ ਕੀ ਹੋ ਸਕਦਾ ਹੈ। ਇਸ ਦੌਰਾਨ ਅਧਿਆਪਕ ਆਗੂ ਗਣੇਸ਼ ਭਗਤ ਨੇ ਕਿਹਾ ਕਿ ਸੰਘਰਸ਼ ਦੀ ਅਗਲੀ ਕੜੀ ਵਜੋਂ ਐੱਨਪੀਐੱਸ ਮੁਲਾਜ਼ਮਾਂ ਵੱਲੋਂ 11 ਜੁਲਾਈ ਨੂੰ ਬਠਿੰਡਾ ਵਿੱਚ ਲਲਕਾਰ ਰੈਲੀ ਕੀਤੀ ਜਾਵੇਗੀ।
ਗੁਰਾਇਆ (ਸੁਰਿੰਦਰ ਸਿੰਘ ਗੁਰਾਇਆ): ਪੁਰਾਣੀ ਪੈਨਸ਼ਨ ਬਹਾਲ ਕਮੇਟੀ ਪੰਜਾਬ ਵੱਲੋਂ ਦਿੱਤੇ ਸੱਦੇ ਅਨੁਸਾਰ ਬਲਾਕ ਗੁਰਾਇਆ ਦੇ ਮੁਲਾਜ਼ਮਾਂ ਨੇ ਬੀਪੀਈਓ ਦਫ਼ਤਰ ਵਿੱਚ ਅਤੇ ਸਿੱਖਿਆ ਬਲਾਕ ਗੁਰਾਇਆ ਦੋ ਦੇ ਮੁਲਾਜ਼ਮਾਂ ਨੇ ਬੜਾ ਪਿੰਡ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ਼ ਦੌਰਾਨ ਉਹ ਨਵੀਂ ਪੈਨਸ਼ਨ ਸਕੀਮ ਰੱਦ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕਰਨ ਦੀ ਮੰਗ ਕਰ ਰਹੇ ਸਨ। ਇਸ ਮੌਕੇ ਕੁਮਾਰੀ ਦਰਸ਼ਨਾ, ਮੱਖਣ ਰਾਮ, ਪ੍ਰਿਤਪਾਲ ਕੌਰ, ਮਨੋਜ ਕੁਮਾਰ, ਰਤਨ ਸਿੰਘ, ਰਾਜ ਕੁਮਾਰੀ, ਸਰਬਜੀਤ ਸਿੰਘ, ਕੁਲਵੰਤ ਰੁੜਕਾ ਤੇ ਜਸਕਰਨ ਕੌਰ ਆਦਿ ਮੁਲਾਜ਼ਮ ਹਾਜ਼ਰ ਸਨ।
ਫਿਲੌਰ (ਸਰਬਜੀਤ ਗਿੱਲ): ਪੁਰਾਣੀ ਪੈਨਸ਼ਨ ਦੀ ਮੰਗ ਨੂੰ ਸਰਕਾਰ ਵਲੋਂ ਲਗਾਤਾਰ ਅਣਗੌਲਿਆਂ ਕੀਤੇ ਜਾਣ ਵਿਰੁੱਧ ਅੱਜ ਇਥੇ ਐੱਨਪੀਐੱਸ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਐਕਸ਼ਨ ਦੀ ਅਗਵਾਈ ਬਲਾਕ ਪ੍ਰਧਾਨ ਰਜਿੰਦਰ ਕੰਗ ਨੇ ਕੀਤੀ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਤੇ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਰੇ ਮੁਲਾਜ਼ਮਾਂ ‘ਤੇ ਇਕ ਸਾਰ ਪੁਰਾਣੀ ਪੈਨਸ਼ਨ ਨਾ ਲਾਗੂ ਕੀਤੀ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਇੱਥੇ ਰੋਸ ਮੁਜ਼ਾਹਰਾ ਕਰਦਿਆਂ ਗੜ੍ਹਸ਼ੰਕਰ ਵਿੱਚ ਬਲਾਕ ਪ੍ਰਧਾਨ ਸੱਤਪਾਲ ਦੀ ਅਗਵਾਈ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸਮੂਹ ਬੁਲਾਰਿਆਂ ਨੇ ਕਿਹਾ ਕਿ ਇਸ ਵੇਲੇ ਨਵੀਂ ਪੈਨਸ਼ਨ ਸਕੀਮ ਪ੍ਰਤੀ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੌਰਾਨ ਕਨਵੀਨਰ ਸੱਤਪਾਲ ਅਤੇ ਸਕੱਤਰ ਬਲਜੀਤ ਕੁਮਾਰ ਨੇ ਪੰਜਾਬ ਸਰਕਾਰ ’ਤੇ ਵਿਧਾਨ ਸਭਾ ਚੋਣਾਂ ਵੇਲੇ ਕੀਤੇ ਵਾਅਦੇ ਨਾ ਪੂਰੇ ਕਰਨ ਦੇ ਵੀ ਦੋਸ਼ ਲਾਏ। ਇਸ ਮੌਕੇ ਜਰਨੈਲ ਸਿੰਘ, ਨਰਿੰਦਰ ਕੌਰ, ਮਨੋਜ ਕੁਮਾਰ, ਨਰੇਸ਼ ਮਹਿੰਦਵਾਣੀ ਤੇ ਮੁਕੇਸ਼ ਕੁਮਾਰ ਸਣੇ ਹੋਰ ਆਗੂ ਮੌਜੂਦ ਸਨ।
ਮੁਕੇਰੀਆਂ (ਜਗਜੀਤ ਸਿੰਘ): ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਸੂਬਾ ਸਰਕਾਰ ਵੱਲੋਂ ਅਪਣਾਏ ਜਾ ਰਹੇ ਲਾਪ੍ਰਵਾਹੀ ਵਾਲੇ ਰਵੱਈਏ ਖਿਲਾਫ਼ ਐੱਨਪੀਐੱਸ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ ਕਰਦਿਆਂ ਸ਼ਹਿਰ ਦੇ ਮਾਤਾ ਰਾਣੀ ਚੌਕ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਦੌਰਾਨ ਕਮੇਟੀ ਆਗੂਆਂ ਰਾਜਦੀਪ ਸਿੰਘ, ਬ੍ਰਿਜ ਮੋਹਨ, ਬਲਵਿੰਦਰ ਟਾਕ, ਜਸਵੰਤ ਸਿੰਘ ਨੇ ਦੱਸਿਆ 11 ਜੁਲਾਈ ਨੂੰ ਬਠਿੰਡਾ ਵਿੱਚ ਵਿੱਤ ਮੰਤਰੀ ਨੂੰ ਚੋਣਾਂ ਸਮੇਂ ਕੀਤੇ ਵਾਅਦੇ ਯਾਦ ਕਰਵਾਉਣ ਲਈ ਲਲਕਾਰ ਰੈਲੀ ਕੀਤੀ ਜਾਵੇਗੀ।