ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਪੰਜਾਬ ਵਿੱਚ ਖਾੜਕੂਵਾਦ ਦੌਰਾਨ ਚਰਚਾ ’ਚ ਰਹੇ ਸੇਵਾਮੁਕਤ ਡੀਜੀਪੀ (ਜੇਲ੍ਹਾਂ) ਪਦਮਸ੍ਰੀ ਮੁਹੰਮਦ ਇਜ਼ਹਾਰ ਆਲਮ (73) ਦਾ ਦੇਹਾਂਤ ਹੋ ਗਿਆ। ਉਨ੍ਹਾਂ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ’ਤੇ ਆਖ਼ਰੀ ਸਾਹ ਲਏ। ਉਹ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸਨ ਪਰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨਮਿਤ ਨਮਾਜ਼-ਏ-ਜਨਾਜ਼ਾ ਭਲਕੇ 7 ਜੁਲਾਈ ਨੂੰ ਸਰਹਿੰਦ ਸਥਿਤ ਰੋਜ਼ਾ ਸ਼ਰੀਫ਼ ਵਿਖੇ ਹੋਵੇਗੀ। ਉਹ ਆਪਣੇ ਪਿੱਛੇ ਤਿੰਨ ਬੇਟੇ ਅਤੇ ਦੋ ਬੇਟੀਆਂ ਛੱਡ ਗਏ ਹਨ। ਸ੍ਰੀ ਆਲਮ ਬਿਹਾਰ ਦੇ ਰਹਿਣ ਵਾਲੇ ਸਨ। ਉਨ੍ਹਾਂ ਆਪਣੀ ਮੁੱਢਲੀ ਸਿਖਿਆ ਇੱਕ ਮਦਰੱਸੇ ਤੋਂ ਹਾਸਲ ਕੀਤੀ ਤੇ ਬਾਅਦ ’ਚ ਆਈਪੀਐੱਸ ਅਫ਼ਸਰ ਬਣ ਕੇ ਪੰਜਾਬ ਕੇਡਰ ਵਿੱਚ ਸੇਵਾਵਾਂ ਨਿਭਾਈਆਂ। ਉਨ੍ਹਾਂ ਜਿੱਥੇ ਪੰਜਾਬ ਪੁਲੀਸ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਸੇਵਾਵਾਂ ਨਿਭਾਈਆਂ, ਉੱਥੇ ਉਹ ਸੇਵਾਮੁਕਤ ਹੋਣ ਉਪਰੰਤ ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਵੀ ਰਹੇ। ਉਹ ਅਮਾਰਤ-ਏ-ਸ਼ਰੀਆ ਪੰਜਾਬ ਦੇ ਫਾਊਂਡਰ ਚੇਅਰਮੈਨ ਵੀ ਸਨ। ਸੇਵਾਮੁਕਤ ਹੋਣ ਉਪਰੰਤ ਸ੍ਰੀ ਆਲਮ ਅਕਾਲੀ ਸਿਆਸਤ ’ਚ ਸਰਗਰਮ ਹੋ ਗਏ। ਪਰਿਵਾਰਕ ਸੂਤਰਾਂ ਮੁਤਾਬਕ ਸ੍ਰੀ ਆਲਮ ਦੀ ਦੇਹ 7 ਜੁਲਾਈ ਨੂੰ ਸਰਹਿੰਦ ਸਥਿਤ ਰੋਜ਼ਾ ਸ਼ਰੀਫ ਵਿਖੇ ਸਪੁਰਦ-ਏ-ਖ਼ਾਕ ਕੀਤੀ ਜਾਵੇਗੀ। ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਡੀਜੀਪੀ ਮੁਹੰਮਦ ਇਜ਼ਹਾਰ ਆਲਮ (72) ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।