ਨਵੀਂ ਦਿੱਲੀ, 7 ਜੁਲਾਈ
ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੇ ਦੋਸ਼ ਲਾਇਆ ਹੈ ਕਿ ਡੌਮੀਨਿਕਾ ਵਿਚ ਗ਼ੈਰਕਾਨੂੰਨੀ ਦਾਖਲੇ ਲਈ ਉਸ ਦੀ ਗ੍ਰਿਫ਼ਤਾਰੀ ਭਾਰਤ ਸਰਕਾਰ ਦੇ ਨੁਮਾਇੰਦਿਆਂ ਦੇ ‘ਕਹਿਣ ਉਤੇ’ ਹੋਈ ਹੈ। ਭਗੌੜੇ ਕਾਰੋਬਾਰੀ ਚੋਕਸੀ ਨੇ ਉੱਥੋਂ ਦੇ ਹਾਈ ਕੋਰਟ ਵਿਚ ਕੇਸ ਦਾਇਰ ਕੀਤਾ ਹੈ ਤੇ ਆਪਣੇ ਖ਼ਿਲਾਫ਼ ਕਾਨੂੰਨੀ ਕਾਰਵਾਈ ਖਾਰਜ ਕਰਨ ਦੀ ਮੰਗ ਕੀਤੀ ਹੈ।
ਕੇਸ ਕੈਰੇਬਿਆਈ ਮੁਲਕ ਦੇ ਆਵਾਸ ਮੰਤਰੀ, ਇਸ ਦੇ ਪੁਲੀਸ ਮੁਖੀ ਤੇ ਕੇਸ ਦੇ ਜਾਂਚ ਅਧਿਕਾਰੀ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਚੋਕਸੀ ਦਾ ਕਹਿਣਾ ਹੈ ਕਿ ਡੌਮੀਨਿਕਾ ਦੇ ਅਧਿਕਾਰੀਆਂ ਨੇ ਆਪਣੀ ਮਰਜ਼ੀ ਨਾਲ ਫ਼ੈਸਲਾ ਨਹੀਂ ਲਿਆ ਬਲਕਿ ਭਾਰਤ ਸਰਕਾਰ ਦੇ ਪ੍ਰਤੀਨਿਧੀਆਂ ਨੇ ਦਬਾਅ ਬਣਾਇਆ ਹੈ। ਚੋਕਸੀ ਨੇ ਕਿਹਾ ਕਿ ਉਸ ਨੂੰ ਗ਼ੈਰਕਾਨੂੰਨੀ ਦਾਖਲੇ ਤਹਿਤ ਮੁਲਜ਼ਮ ਨਾਮਜ਼ਦ ਕਰਨਾ ਕਾਨੂੰਨ ਦੀ ਉਲੰਘਣਾ ਹੈ। ਇਸ ਲਈ ਕਾਰਵਾਈ ਖਾਰਜ ਕੀਤੀ ਜਾਵੇ। ਚੋਕਸੀ ਨੇ ਕਿਹਾ ਕਿ ਉਹ ਐਂਟੀਗਾ ਤੇ ਬਾਰਬੂਡਾ ਦਾ ਨਾਗਰਿਕ ਹੈ ਜਿੱਥੇ ਉਸ ਨੇ ਆਪਣੀ ਭਾਰਤ ਨੂੰ ਹਵਾਲਗੀ ਦੇ ਕੇਸ ਨੂੰ ਚੁਣੌਤੀ ਦਿੱਤੀ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਐਂਟੀਗਾ ਤੇ ਬਾਰਬੂਡਾ ਤੋਂ ਅਗਵਾ ਕਰ ਕੇ ਭਾਰਤੀ ਵਿਅਕਤੀਆਂ ਨੇ ਡੌਮੀਨਿਕਾ ਲਿਆਂਦਾ ਹੈ। ਚੋਕਸੀ ਨੇ ਦਾਅਵਾ ਕੀਤਾ ਕਿ ਉਸ ਨੇ ਆਪਣੇ ਨਾਲ ਵਾਪਰੇ ਘਟਨਾਕ੍ਰਮ ਬਾਰੇ ਡੌਮੀਨਿਕਾ ਦੀ ਪੁਲੀਸ ਨੂੰ ਦੱਸਿਆ ਸੀ ਪਰ ਉਨ੍ਹਾਂ ਕੋਈ ਜਾਂਚ ਨਹੀਂ ਕੀਤੀ। ਚੋਕਸੀ ਨੇ ਆਪਣੇ ’ਤੇ ਲੱਗੇ ਅਪਰਾਧਕ ਦੋਸ਼ਾਂ ਉਤੇ ਪੱਕੇ ਤੌਰ ’ਤੇ ਰੋਕ ਮੰਗੀ ਹੈ।
ਜ਼ਿਕਰਯੋਗ ਹੈ ਕਿ ਚੋਕਸੀ ਐਂਟੀਗਾ ਤੇ ਬਾਰਬੂਡਾ ’ਚੋਂ ਲਾਪਤਾ ਹੋ ਗਿਆ ਸੀ ਤੇ ਉੱਥੇ ਉਹ ਭਾਰਤ ਵਿਚੋਂ ਫਰਾਰ ਹੋਣ ਮਗਰੋਂ 2018 ਤੋਂ ਰਹਿ ਰਿਹਾ ਸੀ। ਚੋਕਸੀ ਨੂੰ 23 ਮਈ ਨੂੰ ਡੌਮੀਨਿਕਾ ’ਚ ਗ਼ੈਰਕਾਨੂੰਨੀ ਤੌਰ ’ਤੇ ਦਾਖਲ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਪੀਐਨਬੀ ਨਾਲ ਕੀਤੀ ਅਰਬਾਂ ਰੁਪਏ ਦੀ ਧੋਖਾਧੜੀ ਦੇ ਕੇਸ ਵਿਚ ਚੋਕਸੀ ਨੂੰ ਭਾਰਤ ਵਿਚ ਭਗੌੜਾ ਐਲਾਨਿਆ ਗਿਆ ਹੈ। -ਪੀਟੀਆਈ