ਪੱਤਰ ਪ੍ਰੇਰਕ
ਚਾਉਕੇ, 7 ਜੁਲਾਈ
ਰਾਮਪੁਰਾ ਬਲਾਕ ਦੇ ਪਿੰਡ ਮੰਡੀ ਕਲਾਂ ਦੇ ਛੱਪੜ ਦੀ ਸਫ਼ਾਈ ਨਾ ਹੋਣ ’ਤੇ ਰੋਹ ਵਿੱਚ ਆਏ ਪਿੰਡ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇ 10 ਜੁਲਾਈ ਤੱਕ ਛੱਪੜ ਦੀ ਸਫ਼ਾਈ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਮੌੜ, ਤਲਵੰਡੀ ਸਾਬੋ ਸੜਕ ਅਣਮਿਥੇ ਸਮੇਂ ਲਈ ਜਾਮ ਕੀਤੀ ਜਾਵੇਗੀ।
ਬੀਕੇਯੂ ਸਿੱਧੂਪੁਰ ਦੇ ਪ੍ਰਧਾਨ ਬਲਰਾਜ ਸਿੰਘ, ਦੀਪੂ ਮੰਡੀ ਕਲਾਂ ਨੇ ਦੱਸਿਆ ਕਿ ਪਿੰਡ ਦੇ ਛੱਪੜ ਵਿੱਚ ਨਾਲੀਆਂ ਦਾ ਗੰਦਾ ਬਦਬੂ ਵਾਲਾ ਪਾਣੀ ਇਕੱਠਾ ਹੋ ਗਿਆ ਹੈ ਜੋ ਕਿਸੇ ਸਮੇਂ ਵੀ ਓਵਰਫ਼ਲੋ ਹੋਣ ਦਾ ਕਾਰਨ ਬਣ ਗਿਆ ਜਿਸ ਕਾਰਨ ਕਈ ਬਿਮਾਰੀਆਂ ਦੇ ਫੈਲਣ ਦਾ ਡਰ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਵਿਚਕਾਰ ਬਣੇ ਨਿਕਾਸੀ ਨਾਲੇ ਦੀ ਸਫ਼ਾਈ ਪਿਛਲੇ ਦੋ ਸਾਲਾਂ ਤੋਂ ਨਹੀਂ ਹੋਈ ਜਿਸ ਕਾਰਨ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਅਤੇ ਨਗਰ ਪੰਚਾਇਤ ਸਮੇਂ ਜੋ ਪਿੰਡ ਦੇ ਛੱਪੜ ਵਿੱਚੋਂ ਨਿਕਾਸੀ ਲਈ ਸੀਵਰੇਜ ਸਿਸਟਮ ਪਾਇਆ ਸੀ ਉਹ ਵੀ ਹਾਲੇ ਤੱਕ ਬੰਦ ਹੀ ਪਿਆ ਹੈ ਜਿਸ ਬਾਰੇ ਪਿੰਡ ਵੱਲੋਂ ਪਹਿਲਾਂ ਵੀ ਬਹੁਤ ਵਾਰੀ ਐਪਲੀਕੇਸ਼ਨ ਡਿਪਟੀ ਕਮਿਸ਼ਨਰ ਨੂੰ ਦਿੱਤੀਆਂ ਗਈਆਂ ਸਨ ਪਰ ਕੋਈ ਸੁਣਵਾਈ ਨਹੀਂ ਹੋਈ।
ਅੱਜ ਇਕੱਠੇ ਹੋਏ ਪਿੰਡ ਵਾਸੀਆਂ ਵੱਲੋਂ ਰਾਮਪੁਰਾ ਦੇ ਬੀਡੀਓ ਨੂੰ ਅਰਜ਼ੀ ਦਿੱਤੀ ਅਤੇ ਕਿਹਾ ਕਿ ਜੇ 10 ਜੁਲਾਈ ਤੱਕ ਛੱਪੜ ਦੀ ਸਫ਼ਾਈ ਨਾ ਕਰਵਾਈ ਗਈ ਤਾਂ ਆਉਣ ਵਾਲੀ 10 ਜੁਲਾਈ ਨੂੰ ਮੌੜ-ਤਲਵੰਡੀ ਸਾਬੋ ਸੜਕ ਨੂੰ ਅਣਮਿਥੇ ਸਮੇਂ ਲਈ ਜਾਮ ਕੀਤੀ ਜਾਵੇਗਾ।