ਜੋਗਿੰਦਰ ਸਿੰਘ ਮਾਨ
ਮਾਨਸਾ, 7 ਜੁਲਾਈ
ਪਿੰਡ ਖੋਖਰ ਕਲਾਂ ’ਚ ਅੱਠ ਮਹੀਨੇ ਪਹਿਲਾਂ ਪਿੰਡ ਭਾਈ ਰੂਪਾ ਤੋਂ ਵਿਆਹੁਤਾ ਮਨਪ੍ਰੀਤ ਕੌਰ ਦੀ ਸਹੁਰੇ ਪਰਿਵਾਰ ਵੱਲੋਂ ਕੁੱਟਮਾਰ ਕੇ ਤੇ ਕੋਈ ਜ਼ਹਿਰੀਲੀ ਚੀਜ਼ ਖੁਆ ਕੇ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕਾ ਗਰਭਵਤੀ ਦੱਸੀ ਜਾਂਦੀ ਹੈ। ਮਾਨਸਾ ਪੁਲੀਸ ਨੇ ਧਾਰਾ 304ਬੀ ਆਈਪੀਸੀ ਤਹਿਤ ਕੇਸ ਦਰਜ ਕੀਤਾ ਹੈ। ਥਾਣਾ ਸਦਰ ਮਾਨਸਾ ਦੀ ਪੁਲੀਸ ਨੂੰ ਮ੍ਰਿਤਕਾ ਮਨਪ੍ਰੀਤ ਕੌਰ ਦੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੀ ਭੈਣ ਦਾ 8 ਮਹੀਨੇ ਪਹਿਲਾਂ ਰੀਤੀ-ਰਿਵਾਜਾਂ ਅਨੁਸਾਰ ਪਿੰਡ ਖੋਖਰ ਕਲਾਂ ਦੇ ਲਖਵਿੰਦਰ ਸਿੰਘ ਨਾਲ ਵਿਆਹ ਹੋਇਆ ਸੀ। ਉਸ ਨੇ ਦੱਸਿਆ ਕਿ ਉਸ ਦੀ ਭੈਣ ਨੇ ਕਰੀਬ 5 ਦਿਨ ਪਹਿਲਾਂ ਉਸ ਨੂੰ ਫੋਨ ਕਰਕੇ ਸਹੁਰੇ ਪਰਿਵਾਰ ਵੱਲੋਂ ਜ਼ਿਆਦਾ ਤੰਗ ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਕਰਨ ਬਾਰੇ ਵੀ ਦੱਸਿਆ ਸੀ, ਜਿਸ ਨੂੰ ਲੈ ਕੇ ਉਹ ਪ੍ਰੇਸ਼ਾਨ ਸੀ। ਉਸ ਨੇ ਦੱਸਿਆ ਕਿ ਸਹੁਰੇ ਪਰਿਵਾਰ ਵੱਲੋਂ ਦਾਜ ਦੀ ਮੰਗ ਨੂੰ ਲੈ ਕੇ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਕਰਕੇ ਸਹੁਰੇ ਪਰਿਵਾਰ ਨੇ ਉਸ ਨੂੰ ਪਹਿਲਾਂ ਕੋਈ ਜ਼ਹਿਰੀਲੀ ਚੀਜ਼ ਖੁਵਾਈ ਤੇ ਬਾਅਦ ਵਿੱਚ ਉਸਦਾ ਗਲ ਘੋਟ ਕੇ ਮਾਰ ਦਿੱਤਾ। ਥਾਣਾ ਸਦਰ ਮੁਖੀ ਜਸਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਗੁਰਪ੍ਰੀਤ ਸਿੰਘ ਦੇ ਬਿਆਨ ’ਤੇ ਪਤੀ ਲਖਵਿੰਦਰ ਸਿੰਘ ਤੇ ਸੱਸ ਬਲਵੀਰ ਕੌਰ ਵਾਸੀ ਖੋਖਰ ਕਲਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਵੱਖਰੇ ਰੂਪ ’ਚ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਲੜਕੀ ਦਾ ਉਸ ਦੇ ਪਿੰਡ ਭਾਈ ਰੂਪਾ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।